380 ਗ੍ਰਾਮ ਹੈਰੋਇਨ, ਸਵਾ ਲੱਖ ਰੁ. ਦੀ ਡਰੱਗ ਮਨੀ ਤੇ ਨਸ਼ੀਲੀਆਂ ਗੋਲੀਆਂ ਸਣੇ 5 ਕਾਬੂ
Friday, Jun 28, 2019 - 11:24 AM (IST)

ਫਿਰੋਜ਼ਪੁਰ (ਸੰਨੀ, ਕੁਮਾਰ) - ਜ਼ਿਲਾ ਪੁਲਸ ਨੇ ਐੱਸ.ਐੱਸ.ਪੀ. ਸੰਦੀਪ ਗੋਇਲ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਮੁਹਿੰਮ ਚਲਾਉਂਦੇ ਹੋਏ ਵੱਖ-ਵੱਖ ਥਾਵਾਂ ਤੋਂ 380 ਗ੍ਰਾਮ ਹੈਰੋਇਨ, ਸਵਾ ਲੱਖ ਰੁਪਏ ਦੀ ਡਰੱਗ ਮਨੀ ਅਤੇ 1200 ਨਸ਼ੇ ਵਾਲੀਆਂ ਗੋਲੀਆਂ ਸਣੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਏ. ਐੱਸ. ਆਈ. ਸੁਖਚੈਨ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ 'ਤੇ ਜਾਂਦੇ 2 ਕਥਿਤ ਸਮੱਗਲਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਤੋਂ 265 ਗ੍ਰਾਮ ਹੈਰੋਇਨ, ਇਕ ਲੱਖ 25 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਮਿਲ ਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ 'ਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਕੋਠੀ ਸਾਈਆਂ ਵਾਲਾ ਦੀ ਬੈਕ ਸਾਈਡ 'ਤੇ ਬੁਲਟ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਲਿਆ। ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 265 ਗ੍ਰਾਮ ਹੈਰੋਇਨ, ਸਵਾ ਲੱਖ ਰੁ. ਦੀ ਡਰੱਗ ਮਨੀ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਹੋਣ 'ਤੇ ਮੌਕੇ ਤੋਂ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਫੜੇ ਗਏ ਵਿਅਕਤੀਆਂ ਦੀ ਪਛਾਣ ਬੂਟਾ ਸਿੰਘ ਉਰਫ ਰਵੀ ਪੁੱਤਰ ਓਮ ਪ੍ਰਕਾਸ਼ ਤੇ ਸੁਖਚੈਨ ਸਿੰਘ ਮੰਗਾ ਪੁੱਤਰ ਚਰਨਜੀਤ ਸਿੰਘ ਵਜੋਂ ਹੋਈ ਹੈ।
ਦੂਸਰੇ ਪਾਸੇ ਥਾਣਾ ਲੱਖੋ ਕੇ ਬਹਿਰਾਮ ਦੇ ਸਬ-ਇੰਸਪੈਕਟਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਸੁਰਮੁੱਖ ਸਿੰਘ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਅਤੇ ਨਸ਼ਾ ਵੇਚਣ ਲਈ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਿੰਡ ਨਵਾਂ ਕਿਲਾ ਕੋਲ ਨਕਾਬੰਦੀ ਕਰਕੇ ਕੁਲਵਿੰਦਰ ਸਿੰਘ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਕਬਜ਼ੇ 'ਚੋਂ 100 ਗ੍ਰਾਮ ਹੈਰੋਇਨ ਅਤੇ 1200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਥਾਣੇ ਦੇ ਸਬ-ਇੰਸਪੈਕਟਰ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਪੁਲਸ ਨੇ 5 ਗ੍ਰਾਮ ਹੈਰੋਇਨ ਸਣੇ ਅੰਗਰੇਜ਼ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਕਾਬੂ ਕੀਤਾ ਹੈ।
ਦੂਸਰੇ ਪਾਸੇ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਸਬ-ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ 10 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਅਤੇ ਚੈਕਿੰਗ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਪਛਾਣ ਬਲਵਿੰਦਰ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਜੋਂ ਹੋਈ ਹੈ।