ਸਵਾ ਕਰੋੜ ਦੀ ਹੈਰੋਇਨ ਸਮੇਤ ਚਾਰ ਕਾਬੂ, ਮੁਲਜ਼ਮਾਂ ਦੇ ਜੇਲ ਵਿਚ ਜੁੜੇ ਸਨ ਆਪਸੀ ਤਾਰ

Monday, Sep 25, 2017 - 06:49 PM (IST)

ਸਵਾ ਕਰੋੜ ਦੀ ਹੈਰੋਇਨ ਸਮੇਤ ਚਾਰ ਕਾਬੂ, ਮੁਲਜ਼ਮਾਂ ਦੇ ਜੇਲ ਵਿਚ ਜੁੜੇ ਸਨ ਆਪਸੀ ਤਾਰ

ਲੋਹੀਆਂ ਖਾਸ (ਮਨਜੀਤ,ਹਰਸ਼) : ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਪੁਲਸ ਕਪਤਾਨ ਜਲੰਧਰ ਦਿਹਾਤੀ, ਬਲਕਾਰ ਸਿੰਘ ਪੁਲਸ ਕਪਤਾਨ ਇੰਨਵੈਸਟੀਗਸ਼ਨ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ ਤੋਂ ਸਵਾ ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਸੁਰਿੰਦਰ ਕੁਮਾਰ ਐੱਸ. ਐੱਚ. ਓ. ਥਾਣਾ ਲੋਹੀਆਂ ਨੇ ਦੱਸਿਆ ਗਿਆ ਕਿ ਪਰਗਟ ਸਿੰਘ ਏ. ਐੱਸ. ਆਈ. ਵੱਲੋਂ ਮੁਖਬਰ ਖਾਸ ਦੀ ਇਤਲਾਹ 'ਤੇ ਪਿੰਡ ਕਮਾਲਪੁਰ ਨੇੜੇ ਨਾਕਾ ਬੰਦੀ ਕਰਕੇ ਬੋਬੀ ਥਾਪਾ ਪੁੱਤਰ ਰਣ ਬਹਾਦਰ ਨਾਮਕ ਇਕ ਨਿਪਾਲੀ ਵਿਅਕਤੀ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ।
ਇਸੇ ਤਰ੍ਹਾਂ ਮੇਜਰ ਸਿੰਘ ਏ.ਐੱਸ. ਆਈ. ਪੁਲਸ ਪਾਰਟੀ ਨਾਲ ਲੋਹੀਆਂ ਤੋਂ ਸਾਬੂਵਾਲ ਰੋਡ 'ਤੇ ਗਸ਼ਤ ਕਰ ਰਹੇ ਸਨ ਕਿ ਪਿੰਡ ਰਾਈਵਾਲ ਵੱਲੋਂ ਨੌਜਵਾਨ ਲੜਕਾ ਪੈਦਲ ਆ ਰਿਹਾ ਸੀ ਜੋ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪੁਲਸ ਮੁਲਾਜ਼ਮਾਂ ਨੇ ਕਾਬੂ ਕਰ ਲਿਆ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋ ਮੌਕੇ 'ਤੇ 40 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀ ਦੀ ਪਛਾਣ ਹਰਦੀਪ ਸਿੰਘ ਉਰਫ ਬੱਗਾ ਪੁੱਤਰ ਦੁੱਲਾ ਵਾਸੀ ਪਿੰਡ ਕਲਾਰਾਂ ਥਾਣਾ ਸ਼ਾਹਕੋਟ ਵਜੋਂ ਹੋਈ।
ਇਕ ਹੋਰ ਮਾਮਲੇ ਵਿਚ ਪਰਗਟ ਸਿੰਘ ਏ. ਐੱਸ. ਆਈ. ਨੇ ਪੁਲਸ ਪਾਰਟੀ ਨਾਲ ਲੋਹੀਆਂ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਮਾਣਕ ਅੱਡੇ ਨੇੜਿਓਂ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਮੌਕੇ 'ਤੇ ਹੀ 100 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀ ਦੀ ਪਛਾਣ ਨਾਗੀ ਉਰਫ ਮਨੀ ਪੁੱਤਰ ਸਤੀਸ਼ ਕੁਮਾਰ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਵਜੋਂ ਹੋਈ। ਜਦਕਿ ਥਾਣਾ ਇਸਲਾਮਾਬਾਦ ਪੈਂਦੇ ਕ੍ਰਿਸ਼ਨਾ ਨਗਰ ਦੇ ਰਮੇਸ਼ ਕੁਮਾਰ ਪੁੱਤਰ ਲਾਲ ਬਹਾਦਰ ਨਾਮਕ ਵਿਅਕਤੀ ਨੂੰ ਜੀਵਨ ਕੁਮਾਰ ਏ. ਐੱਸ. ਆਈ. ਪੁਲਸ ਪਾਰਟੀ ਨਾਲ ਸਤਲੁਜ ਦੇ ਧੁੱਸੀ ਬੰਨ੍ਹ ਕੋਲੋਂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਬਾਜ਼ਾਰੀ ਕੀਮਤ ਸਵਾ ਕਰੋੜ ਰੁਪਏ ਬਣਦੀ ਹੈ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ।
ਮੁਲਜ਼ਮਾਂ ਦੇ ਜੇਲਾਂ ਵਿਚ ਜੁੜੇ ਆਪਸੀ ਤਾਰ
ਪੁਲਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ 'ਚੋਂ ਨਾਗੀ ਨੇ ਤਫਤੀਸ਼ ਦੌਰਾਨ ਪੁਲਸ ਨੂੰ ਦੱਸਿਆ ਕਿ ਉਹ ਕੰਪਿਊਟਰ ਕੋਰਸ ਕਰਦੇ ਸਮੇਂ ਨਸ਼ਾ ਕਰਨ ਲੱਗ ਪਿਆ ਜਿਸ ਦੇ ਚੱਲਦਿਆਂ ਉਸ 'ਤੇ ਸਾਲ 2016 ਵਿਚ 60 ਗ੍ਰਾਮ ਹੈਰੋਇਨ ਦਾ ਪਰਚਾ ਦਰਜ ਹੋਣ ਉਪਰੰਤ ਛੇ ਮਹੀਨੇ ਜੇਲ ਵਿਚ ਰਿਹਾ ਉਸ ਸਮੇਂ ਦੌਰਾਨ ਉਸ ਦੀ ਮੁਲਾਕਾਤ ਬੋਬੀ ਥਾਪਾ ਨਾਲ ਹੋਈ ਜਦਕਿ ਬੋਬੀ ਨੇ ਕਿਹਾ ਕਿ ਉਹ ਪਹਿਲਾਂ ਵੀ ਅੰਮ੍ਰਿਤਸਰ ਜੇਲ ਵਿਚ 8 ਮਹੀਨੇ ਸਜ਼ਾ ਕੱਟ ਕੇ ਆਇਆ ਉਸ ਵੇਲੇ ਉਸ ਦੀ ਸੋਨੂੰ ਵਾਸੀ ਪਿੰਡ ਭੋਖੜਾ ਥਾਣਾ ਸਦਰ ਫਿਰੋਜ਼ਪੁਰ ਨਾਲ ਮੁਲਾਕਾਤ ਹੋਈ ਜੋ ਅੱਜ-ਕੱਲ ਫਰੀਦਕੋਟ ਜੇਲ ਵਿਚ ਹੈ ਜਿਸ ਦੇ ਕਹਿਣ 'ਤੇ ਹੀ ਉਹ ਨਸ਼ਾ ਸਪਲਾਈ ਕਰਨਾ ਸ਼ੁਰੂ ਕੀਤਾ।


Related News