ਕਰੋੜਾਂ ਰੁਪਏ ਦੀ ਹੈਰੋਇਨ ਸਣੇ 7 ਮੁਲਜ਼ਮ ਗ੍ਰਿਫ਼ਤਾਰ
Tuesday, Jun 16, 2026 - 11:23 AM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਘੱਲ ਖੁਰਦ ਅਤੇ ਸੀ. ਆਈ. ਏ. ਸਟਾਫ ਜ਼ੀਰਾ ਦੀ ਪੁਲਸ ਨੇ 3 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੀ ਏ. ਐੱਸ. ਆਈ. ਗੁਰਕੰਵਲਜੀਤ ਕੌਰ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਜਾਗੀਰਾ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ ਤਲਾਸ਼ੀ ਲੈਣ ’ਤੇ 06.32 ਗ੍ਰਾਮ ਹੈਰੋਇਨ ਬਰਾਮਦ ਹੋਈ। ਦੂਜੇ ਪਾਸੇ ਥਾਣਾ ਘੱਲਖੁਰਦ ਦੇ ਏ. ਐੱਸ. ਆਈ. ਅਮਨਦੀਪ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਕੇ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਪੁਲਸ ਨੂੰ ਆਪਣਾ ਨਾਂ ਵਿਜੇ ਪੁੱਤਰ ਦਰਸ਼ਨ ਸਿੰਘ ਦੱਸਿਆ, ਜਿਸ ਤੋਂ ਤਲਾਸ਼ੀ ਲੈਣ ’ਤੇ 04.83 ਗ੍ਰਾਮ ਹੈਰੋਇਨ ਬਰਾਮਦ ਹੋਈ।
ਉੱਧਰ ਸੀ. ਆਈ. ਏ. ਸਟਾਫ਼ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਸੀ. ਆਈ. ਏ. ਸਟਾਫ ਜ਼ੀਰਾ ਦੇ ਏ. ਐੱਸ. ਆਈ. ਬੋਹੜ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਸੁੱਖਾ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਤਲਾਸ਼ੀ ਲੈਣ ’ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਟਰੇਸ ਕੀਤੇ ਜਾ ਰਹੇ ਹਨ ਅਤੇ ਅਦਾਲਤ ਤੋਂ ਪੁਲਸ ਰਿਮਾਂਡ ਲੈ ਕੇ ਉਸ ਤੋਂ ਅੱਗੇ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹੈਰੋਇਨ ਸਮੇਤ ਫੜ੍ਹੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ, ਥਾਣਾ ਘੱਲਖੁਰਦ ਅਤੇ ਥਾਣਾ ਮੱਲਾਂਵਾਲਾ ’ਚ ਮਾਮਲੇ ਦਰਜ ਕੀਤੇ ਗਏ ਹਨ।
