STF ਵਲੋਂ 15 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫਤਾਰ

10/13/2019 11:38:55 PM

ਲੁਧਿਆਣਾ,(ਅਨਿਲ): ਐੱਸ. ਟੀ. ਐੱਫ. ਦੀ ਲੁਧਿਆਣਾ ਟੀਮ ਨੇ 2 ਮਾਮਲਿਆਂ 'ਚ 4 ਨਸ਼ਾ ਸਮੱਗਲਰਾਂ ਨੂੰ 15 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੱਤਰਕਾਰ ਸੰਮੇਲਨ ਦੌਰਾਨ ਐੱਸ. ਟੀ. ਐੱਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਤੇ ਡੀ. ਐੱਸ. ਪੀ. ਪਵਨਜੀਤ ਚੌਧਰੀ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਦੀ ਟੀਮ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਡਾਬਾ ਇਲਾਕੇ 'ਚ ਕੁਝ ਲੋਕ ਇਕ ਕਾਰ ਵਿਚ ਹੈਰੋਇਨ ਦੀ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਡਾਬਾ ਦੇ ਆਜ਼ਾਦ ਨਗਰ ਵਿਚ ਸਪੈਸ਼ਲ ਨਾਕਾਬੰਦੀ ਕੀਤੀ ਗਈ ਤਾਂ ਉਸ ਸਮੇਂ ਸਾਹਮਣਿਓਂ ਆ ਰਹੀ ਇਕ ਆਟਿਕਾ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ 'ਚ ਲੁਕੋ ਕੇ ਰੱਖੀ 1 ਕਿਲੋ 530 ਗ੍ਰਾਮ ਹੈਰੋਇਨ, 1 ਇਲੈਕਟ੍ਰਾਨਿਕ ਕੰਡਾ ਤੇ 250 ਖਾਲੀ ਲਿਫਾਫੇ ਬਰਾਮਦ ਕੀਤੇ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਸਾਢੇ 7 ਕਰੋੜ ਦੱਸੀ ਜਾ ਰਹੀ ਹੈ। ਪੁਲਸ ਨੇ ਤੁਰੰਤ ਕਮਲ ਕੁਮਾਰ (25) ਵਾਸੀ ਲੋਹਾਰਾ ਕਾਲੋਨੀ ਡਾਬਾ, ਗੁਰਬਿੰਦਰ ਸਿੰਘ (19) ਪੁੱਤਰ ਜਸਬੀਰ ਸਿੰਘ ਵਾਸੀ ਮੁਦਗੀ ਫਿਰੋਜ਼ਪੁਰ ਅਤੇ ਸਨੇਹਾ ਉਰਫ ਵੰਦਨਾ (34) ਪਤਨੀ ਅਮਰਜੀਤ ਸਿੰਘ ਵਾਸੀ ਆਜ਼ਾਦ ਨਗਰ ਡਾਬਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਖਿਲਾਫ ਮੋਹਾਲੀ ਪੁਲਸ ਸਟੇਸ਼ਨ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਮਾਮਲੇ 'ਚ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਹੋਈ

ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੂਜੇ ਮਾਮਲੇ 'ਚ ਟੀਮ ਨੇ ਮੋਤੀ ਨਗਰ 'ਚ ਹੀਰਾ ਨਗਰ ਮੋੜ 'ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ, ਜਦ ਪੁਲਸ ਨੇ ਤਲਾਸ਼ੀ ਲਈ ਤਾਂ ਬੈਗ 'ਚੋਂ 1 ਕਿਲੋ 600 ਗ੍ਰਾਮ ਹੈਰੋਇਨ, ਇਕ ਇਲੈਕਟ੍ਰਿਕ ਕੰਡਾ ਅਤੇ 180 ਖਾਲੀ ਲਿਫਾਫੇ ਬਰਾਮਦ ਹੋਏ। ਦੋਸ਼ੀ ਸੁਖਬੀਰ ਸਿੰਘ ਸੁੱਖਾ ਵਾਸੀ ਮੁਹੱਲਾ ਪ੍ਰੀਤ ਨਗਰ ਦੁਗਰੀ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਮਲਕੀਤ ਸਿੰਘ ਵਾਸੀ ਦੁੱਗਰੀ ਲੁਧਿਆਣਾ ਸੈਂਟਰਲ ਜੇਲ ਵਿਚ ਬੰਦ ਹੈ। ਹੈਰੋਇਨ ਦੀ ਖੇਪ ਦਿੱਲੀ ਤੋਂ ਇਕ ਨਾਈਜੀਰੀਅਨ ਨੂੰ ਫੋਨ ਕਰ ਕੇ ਉਥੋਂ ਲੈ ਆਇਆ ਹੈ, ਜਿਸ ਤੋਂ ਬਾਅਦ ਸੁਖਬੀਰ ਅਤੇ ਮਲਕੀਤ ਹੈਰੋਇਨ ਦਾ ਮੁਨਾਫਾ ਆਪਸ ਵਿਚ ਵੰਡ ਲੈਂਦੇ ਸਨ। ਨਸ਼ਾ ਸਮੱਗਲਰ ਸੁਖਬੀਰ ਨੇ ਦੱਸਿਆ ਕਿ ਉਹ 3 ਸਾਲਾਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ।


Related News