ਹੀਰੋ ਸਾਈਕਲ ਵਰਕਰਾਂ ਵੱਲੋਂ ਖਾਲੀ ਪੀਪੇ ਖੜਕਾ ਕੇ ਰੋਸ ਵਿਖਾਵਾ

06/28/2017 8:01:03 AM

ਲੁਧਿਆਣਾ, (ਸਲੂਜਾ)- ਪੰਜਾਬ ਸਰਕਾਰ ਮੁਰਦਾਬਾਦ, ਹੀਰੋ ਸਾਈਕਲ ਮੈਨੇਜਮੈਂਟ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚੱਲੇਗੀ, ਨੌਕਰੀਆਂ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰੋ ਆਦਿ ਨਾਅਰਿਆਂ ਦੀ ਗੂੰਜ 'ਚ ਵਰਕਰਾਂ ਨੇ ਅੱਜ ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਖਾਲੀ ਪੀਪੇ ਖੜਕਾ ਕੇ ਰੋਸ ਵਿਖਾਵਾ ਕੀਤਾ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ 28 ਜੂਨ ਨੂੰ ਸਮੂਹ ਵਰਕਰ ਆਪਣੇ ਆਪ ਨੂੰ ਹੱਥਕੜੀਆਂ ਲਗਾ ਕੇ ਸੜਕਾਂ 'ਤੇ ਉਤਰਨਗੇ। 
ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾ. ਰਘੂਨਾਥ ਸਿੰਘ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਰੋਸ ਵਿਖਾਵੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦੀ ਹੈ, ਜਦਕਿ ਦੂਜੇ ਪਾਸੇ ਹੀਰੋ ਸਾਈਕਲ ਇੰਡਸਟਰੀ ਦੇ ਪ੍ਰਬੰਧਕਾਂ ਨੂੰ ਟਿਊਬਲਰ ਯੂਨਿਟ ਬੰਦ ਕਰਨ ਦੀ ਮਨਜ਼ੂਰੀ ਦੇ ਕੇ 312 ਵਰਕਰਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਦੀ ਸਥਾਪਨਾ ਵਰਕਰਾਂ ਦੇ ਹਿੱਤਾਂ ਦੀ ਰੱਖਿਆ ਕਰਨ ਨੂੰ ਹੋਈ ਸੀ ਪਰ ਅਫਸੋਸ ਅੱਜ ਇਸ ਵਿਭਾਗ ਦੇ ਅਧਿਕਾਰੀਆਂ ਸਮੇਤ ਸਾਰਾ ਸਟਾਫ ਹੀ ਮਿੱਲ ਮਾਲਕਾਂ ਦਾ ਝੋਲੀ ਚੁੱਕ ਬਣ ਕੇ ਰਹਿ ਗਿਆ ਹੈ, ਜਦਕਿ ਵਰਕਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। 
ਅੱਜ ਦੇ ਇਸ ਮਹਿੰਗਾਈ ਦੇ ਯੁੱਗ 'ਚ ਕਿਸ ਤਰ੍ਹਾਂ ਇਕ ਗਰੀਬ ਵਰਕਰ ਬਿਨਾਂ ਕੰਮ ਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਮਜ਼ਦੂਰ ਵਰਗ ਦਾ ਸ਼ੋਸ਼ਣ ਬੰਦ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਕਿ ਉਹ ਵੀ ਇਕ ਇਨਸਾਨ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਸਕਣ।ਸੀਟੂ ਦੇ ਜ਼ਿਲਾ ਪ੍ਰਧਾਨ ਕਾ. ਜਤਿੰਦਰਪਾਲ ਸਿੰਘ, ਹਨੂਮਾਨ ਪ੍ਰਸਾਦ ਦੂਬੇ, ਵਿਨੋਦ ਤਿਵਾੜੀ, ਰਾਜੇਸ਼ ਸੈਣੀ ਅਤੇ ਸੁਖਮਿੰਦਰ ਸਿੰਘ ਲੋਟੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਹੀਰੋ ਸਾਈਕਲ ਦੀ ਮੈਨੇਜਮੈਂਟ ਉਨ੍ਹਾਂ ਦੇ ਸਬਰ ਦੀ ਪ੍ਰੀਖਿਆ ਲਵੇ। ਜੇਕਰ 312 ਵਰਕਰਾਂ ਦੀ ਬਹਾਲੀ ਨਹੀਂ ਹੁੰਦੀ ਤਾਂ ਫਿਰ ਕੈਪਟਨ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਅੰਦੋਲਨ ਤਹਿਤ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਸਮੇਤ ਮੰਤਰੀਆਂ ਦਾ ਫੀਲਡ 'ਚ ਆਉਣ 'ਤੇ ਕਾਲੀਆਂ ਝੰਡੀਆਂ ਸਮੇਤ ਘਿਰਾਓ ਕਰ ਕੇ ਰੋਸ ਵਿਖਾਵਾ ਕੀਤਾ ਜਾਵੇਗਾ। 


Related News