ਹੈਰੀਟੇਜ ਸਟਰੀਟ ''ਚ ਫੈਲੇ ਕੂੜੇ ਨੇ ਖੋਲ੍ਹੀ ਸਫਾਈ ਪ੍ਰਬੰਧਾਂ ਦੀ ਪੋਲ, ਤਸਵੀਰਾਂ ਵਾਇਰਲ
Tuesday, Oct 15, 2019 - 08:08 PM (IST)

ਜਲੰਧਰ,(ਵੈਬ ਡੈਸਕ): ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਅੱਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ 'ਚ ਦੂਰ ਦਰਾਡੇ ਤੋਂ ਆਈ ਸੰਗਤ ਨੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਈ। ਇਸ ਦੌਰਾਨ ਹੀ ਹੈਰੀਟੇਜ ਸਟਰੀਟ ਦੀਆਂ ਕੁੱਝ ਉਹ ਤਸਵੀਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੇ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ। ਇਨ੍ਹਾਂ ਤਸਵੀਰਾਂ 'ਚ ਹੈਰੀਟੇਜ ਸਟਰੀਟ ਦੇ ਕਿਨਾਰਿਆਂ 'ਤੇ ਕੂੜਾ ਕਰਕਟ ਦਿਖਾਈ ਦਿੱਤਾ। ਕੂੜੇ ਕਰਕਟ ਦੀਆਂ ਇਹ ਤਸਵੀਰਾਂ ਸੋਸਲ ਮੀਡੀਆ 'ਤੇ ਵੀ ਵਾਇਰਲ ਹੋ ਗਈਆਂ, ਜਿਸ ਨੂੰ ਦੇਖ ਲੋਕਾਂ ਵਲੋਂ ਸਰਕਾਰ ਤੇ ਨਗਰ ਨਿਗਮ ਦੇ ਸਫਾਈ ਪ੍ਰਬੰਧਾਂ 'ਤੇ ਖੂਬ ਨਿਸ਼ਾਨੇ ਸਾਧੇ ਗਏ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਲੱਖਾਂ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ, ਇਸ਼ਨਾਨ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।