ਸ਼ਹਿਰ ਦੀਆਂ ਸਾਰੀਆਂ ਹੈਰੀਟੇਜ ਇਮਾਰਤਾਂ ’ਤੇ ਲਾਏ ਜਾਣ ਵਿਸਥਾਰਪੂਰਵਕ ਜਾਣਕਾਰੀ ਵਾਲੇ ਸਾਈਨ ਬੋਰਡ

07/24/2021 3:30:44 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨਸ ਦੀ 19ਵੀਂ ਮੀਟਿੰਗ ਸ਼ੁੱਕਰਵਾਰ ਪ੍ਰਸ਼ਾਸਕ ਦੇ ਸਲਾਹਕਾਰ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਸ਼ਹਿਰ ਦੇ ਹੈਰੀਟੇਜ ਢਾਂਚੇ ਦੀ ਸੁਰੱਖਿਆ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਸਲਾਹਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਹਿਰ ਦੀਆਂ ਸਾਰੀਆਂ ਹੈਰੀਟੇਜ ਇਮਾਰਤਾਂ ’ਤੇ ਵਿਸਥਾਰਪੂਰਵਕ ਜਾਣਕਾਰੀ ਵਾਲੇ ਸਾਈਨ ਬੋਰਡ ਲਾਏ ਜਾਣੇ ਚਾਹੀਦੇ ਹਨ। ਨਾਲ ਹੀ ਸ਼ਹਿਰ ਵਾਸੀਆਂ ਨੂੰ ਚੰਡੀਗੜ੍ਹ ਦੀਆਂ ਹੈਰੀਟੇਜ ਚੀਜ਼ਾਂ ਸਬੰਧੀ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਚੀਫ ਆਰਕੀਟੈਕਟ ਨੇ ਮੀਟਿੰਗ ਵਿਚ ਸਾਰਿਆਂ ਨੂੰ ਇਸ ਕਮੇਟੀ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਿਸਥਾਰ ਨਾਲ ਸ਼ਹਿਰ ਦੀਆਂ ਹੈਰੀਟੇਜ ਚੀਜ਼ਾਂ, ਇਮਾਰਤਾਂ ਅਤੇ ਹੋਰ ਵਿਰਾਸਤ ਸਬੰਧੀ ਵੀ ਜਾਣਕਾਰੀ ਦਿੱਤੀ। ਹੁਣ ਤੱਕ ਕਮੇਟੀ ਨੇ ਕੀ ਕੰਮ ਕੀਤਾ ਹੈ, ਇਸ ਸਬੰਧੀ ਵੀ ਮੀਟਿੰਗ ਵਿਚ ਰਿਪੋਰਟ ਪੇਸ਼ ਕੀਤੀ ਗਈ। ਸਲਾਹਕਾਰ ਨੇ ਸ਼ਹਿਰ ਦੇ ਹੈਰੀਟੇਜ ਢਾਂਚੇ ਨੂੰ ਬਣਾਈ ਰੱਖਣ ਲਈ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਇਸ ’ਤੇ ਪ੍ਰਮੁੱਖਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਹਿਰ ਦੇ ਹੈਰੀਟੇਜ ਮਾਮਲਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ।

ਯੂ. ਟੀ. ਗੈਸਟ ਹਾਊਸ ਵਿਚ ਹੋਈ ਇਸ ਮੀਟਿੰਗ ਵਿਚ ਵਿੱਤ ਸਕੱਤਰ-ਕਮ-ਸੈਕਟਰੀ ਅਰਬਨ ਪਲਾਨਿੰਗ, ਸੈਕਟਰੀ ਕਲਚਰ, ਨਿਗਮ ਕਮਿਸ਼ਨਰ, ਅਸਟੇਟ ਅਫ਼ਸਰ, ਆਰਕੀਟੈਕਟ ਐੱਸ. ਡੀ. ਸ਼ਰਮਾ, ਕਲਾ ਇਤਿਹਾਸਕਾਰ ਬੀ. ਐੱਨ. ਗੋਸਵਾਮੀ, ਚੀਫ ਇੰਜੀਨੀਅਰ-ਕਮ-ਸਪੈਸ਼ਲ ਸੈਕਟਰੀ, ਆਰਕੀਟੈਕਟ ਦਲਮੀਤ ਸਿੰਘ ਗਰੇਵਾਲ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।


Babita

Content Editor

Related News