ਹੈਲੀਕਾਪਟਰ ਦੀ ਨਾਈਟ ਲੈਂਡਿੰਗ ਲਈ ਰਜਿੰਦਰਾ ਪਾਰਕ ’ਚ ਵੱਖਰਾ ਤਿਆਰ ਕੀਤਾ ਜਾਵੇਗਾ ਹੈਲੀਪੈਡ
Wednesday, Jun 07, 2023 - 12:35 PM (IST)
ਚੰਡੀਗੜ੍ਹ (ਵਿਜੇ) : ਸ਼ਹਿਰ 'ਚ ਰਾਤ ਸਮੇਂ ਹੈਲੀਕਾਪਟਰ ਦੀ ਲੈਂਡਿੰਗ ਲਈ ਯੂ. ਟੀ. ਪ੍ਰਸ਼ਾਸਨ ਵਲੋਂ ਹੈਲੀਪੈਡ ਦੀ ਵਰਤੋਂ ਲਈ ਰਜਿੰਦਰਾ ਪਾਰਕ 'ਚ ਇਕ ਵੱਖਰੀ ਜਗ੍ਹਾ ਵਿਕਸਿਤ ਕੀਤੀ ਜਾਵੇਗੀ। ਇਹ ਫ਼ੈਸਲਾ ਪੰਜਾਬ ਅਤੇ ਹਰਿਆਣਾ ਸਰਕਾਰ ਦੀ ਬੇਨਤੀ ਤੋਂ ਬਾਅਦ ਲਿਆ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂ. ਟੀ. ਪ੍ਰਸ਼ਾਸਨ ਨੂੰ ਭੇਜੇ ਪੱਤਰ 'ਚ ਦੋਹਾਂ ਗੁਆਂਢੀ ਸੂਬਿਆਂ ਨੇ ਸ਼ਹਿਰ ਦੇ ਰਜਿੰਦਰਾ ਪਾਰਕ 'ਚ ਵੀ. ਵੀ. ਆਈ. ਪੀ. ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰਾਂ ਦੀ ਨਾਈਟ ਲੈਂਡਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਇਸ ਨਾਲ ਏਅਰ ਐਂਬੂਲੈਂਸ ਦੀ ਐਮਰਜੈਂਸੀ ਲੈਂਡਿੰਗ 'ਚ ਵੀ ਮਦਦ ਮਿਲੇਗੀ। ਸ਼ਹਿਰੀ ਨਿਯੋਜਨ ਵਿਭਾਗ ਵਲੋਂ ਰਜਿੰਦਰਾ ਪਾਰਕ 'ਚ ਵੱਖਰੀ ਜਗ੍ਹਾ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕੇ ਜਿਵੇਂ ਸਾਰੰਗਪੁਰ ਆਦਿ 'ਚ ਹੈਲੀਪੈਡ ਦੇ ਇਸਤੇਮਾਲ ਲਈ ਵੱਖਰੀ ਜ਼ਮੀਨ ਨਿਸ਼ਾਨਦੇਹ ਕੀਤੀ ਜਾਵੇਗੀ। ਰਜਿੰਦਰਾ ਪਾਰਕ 'ਚ ਸਥਾਈ ਸੁਰੱਖਿਆ ਵਿਵਸਥਾ ਨਾ ਹੋਣ ਕਾਰਨ ਪੁਲਸ ਵਲੋਂ ਸੁਰੱਖਿਆ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਵਿਸਥਾਰਿਤ ਚਰਚਾ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਰਜਿੰਦਰਾ ਪਾਰਕ 'ਚ ਅਸਥਾਈ ਫੈਂਸਿੰਗ, ਦਾਖ਼ਲੇ ਲਈ ਅਸਥਾਈ ਗੇਟ ਅਤੇ ਅਸਥਾਈ ਲਾਈਟਿੰਗ ਦਾ ਪ੍ਰਬੰਧ ਕੀਤੀ ਜਾਵੇ।
ਚੰਡੀਗੜ੍ਹ ਮਾਸਟਰ ਪਲਾਨ-2031 ’ਚ ਵੀ ਚਰਚਾ
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਮਾਸਟਰ ਪਲਾਨ-2031 'ਚ ਵੀ ਰਜਿੰਦਰਾ ਪਾਰਕ ਤੋਂ ਹੈਲੀਪੈਡ ਨੂੰ ਹਵਾਈ ਅੱਡੇ ਅਤੇ ਸੁਰੱਖਿਆ ਅਧਿਕਾਰੀਆਂ ਦੇ ਕਾਊਂਸਲਿੰਗ ਨਾਲ ਇਕ ਲੋੜੀਂਦੇ ਸਥਾਨ ’ਤੇ ਤਬਦੀਲ ਕਰਨ, ਉੱਤਰਮਾਰਗ ਦੇ ਨਾਲ ਸੁਰੱਖਿਆ ਟੈਂਟ ਅਤੇ ਕੰਡਿਆਲੀ ਤਾਰ ਦੀ ਵਾੜ ਹਟਾਉਣ ਤੇ ਪਰਿਭਾਸ਼ਿਤ ਕਰਨ ਦੀ ਚਰਚਾ ਕੀਤੀ ਗਈ ਸੀ। ਵਰਤਮਾਨ ਸਮੇਂ 'ਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀਆਂ ਰਿਹਾਇਸ਼ਾਂ ਕੋਲ ਰਜਿੰਦਰਾ ਪਾਰਕ 'ਚ ਬਣੇ ਇਕ ਸਾਂਝੇ ਹੈਲੀਪੈਡ ਦੀ ਵਰਤੋਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਹੋਰ ਸੂਬਿਆਂ ਜਾਂ ਰਾਸ਼ਟਰੀ ਰਾਜਧਾਨੀ ਤੋਂ ਆਉਣ ਵਾਲੇ ਰਾਜਪਾਲਾਂ ਅਤੇ ਹੋਰ ਵੀ. ਵੀ. ਆਈ. ਪੀ. ਦੇ ਹੈਲੀਕਾਪਟਰਾਂ ਰਾਹੀਂ ਕੀਤੀ ਜਾ ਰਹੀ ਹੈ।