ਬੱਦਲਾਂ ਨੇ ਰੋਕਿਆ ਲਾੜੇ ਦਾ ਹੈਲੀਕਾਪਟਰ, ਪਰਿਵਾਰ ਦੀ ਖੁਆਇਸ਼ ਰਹਿ ਗਈ ਅਧੂਰੀ
Monday, Feb 10, 2020 - 10:26 PM (IST)
ਸ੍ਰੀ ਮੁਕਤਸਰ ਸਾਹਿਬ,(ਰਿਣੀ)- ਕੁਦਰਤ ਬਹੁਤ ਬਲਵਾਨ ਹੈ, ਇਹ ਇਕ ਵੱਡੀ ਸੱਚਾਈ ਹੈ ਅਤੇ ਕਈ ਵਾਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਅਜਿਹਾ ਕੁਝ ਹੀ ਅੱਜ ਉਸ ਸਮੇਂ ਵੇਖਣ ਨੂੰ ਮਿਲਿਆ ਜਦ ਸ੍ਰੀ ਮੁਕਤਸਰ ਸਾਹਿਬ ਵਿਖੇ ਡੋਲੀ ਲਈ ਆਏ ਹੈਲੀਕਾਪਟਰ ਨੂੰ ਮੌਸਮ ਦੀ ਖਰਾਬੀ ਦੇ ਚਲਦਿਆ ਬਿਨ੍ਹਾਂ ਲਾੜਾ-ਲਾੜੀ ਤੋਂ ਹੀ ਉਡਾਨ ਭਰਨੀ ਪਈ। ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਇਸਦੇ ਆਸ ਪਾਸ ਦੇ ਇਲਾਕੇ ਵਿਚ ਇਹ ਪਹਿਲੀ ਵਾਰ ਸੀ ਕਿ ਕੋਈ ਵਿਅਕਤੀ ਆਪਣੀ ਦੁਲਹਨ ਨੂੰੰ ਲਿਜਾਣ ਲਈ ਹੈਲੀਕਾਪਟਰ ਲੈ ਕੇ ਆਇਆ ਹੋਵੇ। ਗੁੜਗਾਓ ਵਾਸੀ ਚੇਤਨ ਦਾ ਵਿਆਹ ਸ੍ਰੀ ਮੁਕਤਸਰ ਸਾਹਿਬ ਵਾਸੀ ਅਕਸ਼ਪ੍ਰੀਤ ਕੌਰ ਨਾਲ ਬੀਤੀ ਰਾਤ ਹੋਇਆ। ਚੇਤਨ ਦੀ ਮਾਤਾ ਦਾ ਸੁਪਨਾ ਸੀ ਕਿ ਉਸਦੇ ਪੁੱਤਰ ਦੀ ਡੋਲੀ ਹੈਲੀਕਾਪਟਰ 'ਤੇ ਆਏ। ਵੱਡੇ ਪੁੱਤਰ ਦੇ ਵਿਆਹ ਸਮੇਂ ਵੀ ਮਾਤਾ ਕੁਝ ਅਜਿਹਾ ਹੀ ਚਾਹੁੰਦੀ ਸੀ ਪਰ ਉਸ ਸਮੇਂ ਦੂਰੀ ਘੱਟ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ ਪਰ ਇਸ ਵਾਰ ਡੋਲੀ ਲਈ ਹੈਲੀਕਾਪਟਰ ਪੈਲੇਸ ਵਿਚ ਲੈਂਡ ਹੋ ਗਿਆ ਪਰ ਦਿੱਲੀ ਦੇ ਮੌਸਮ ਨੇ ਅਜਿਹੀ ਮਾਰ ਮਾਰੀ ਕੇ ਇਹ ਸੁਪਨਾ ਫਿਰ ਤੋਂ ਪੂਰਾ ਨਹੀਂ ਹੋ ਸਕਿਆ।
ਹੋਇਆ ਇੰਝ ਕਿ ਮਾਤਾ ਦੇ ਸੁਪਨੇ ਨੂੰ ਪੂਰਾ ਕਰਦਿਆ ਚੇਤਨ ਨੇ ਡੋਲੀ ਲਈ ਸਪੈਸ਼ਲ ਹੈਲੀਕਾਪਟਰ ਦੀ ਬੁਕਿੰਗ ਦਿੱਲੀ ਤੋਂ ਸ੍ਰੀ ਮੁਕਤਸਰ ਸਾਹਿਬ ਕਰਵਾਈ ਸੀ। ਹੈਲੀਕਾਪਟਰ ਸ੍ਰੀ ਮੁਕਤਸਰ ਸਾਹਿਬ ਗਰੀਨ ਸੀ ਰਿਜ਼ੋਰਟ ਵਿਚ ਲੈਂਡ ਵੀ ਹੋ ਗਿਆ ਸੀ ਪਰ ਦਿੱਲੀ ਦੇ ਮੌਸਮ ਦੇ ਚਲਦਿਆ ਇੱਕ ਵਾਰ ਫਿਰ ਤੋਂ ਚੇਤਨ ਦੀ ਮਾਤਾ ਦਾ ਸੁਪਨਾ ਸਿਰਫ਼ ਸੁਪਨਾ ਹੀ ਰਹਿ ਗਿਆ। ਜਦ ਹੈਲੀਕਾਪਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਲੈਂਡ ਹੋਇਆ ਤਾਂ ਚੇਤਨ ਅਤੇ ਉਸਦੇ ਨਾਲ ਵਿਆਹ ਬੰਧਨ ਵਿਚ ਬੱਝੀ ਅਕਸ਼ਪ੍ਰੀਤ ਬਹੁਤ ਖੁਸ਼ ਨਜ਼ਰ ਆਏ। ਦੋਵਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਇਸ ਖੁਸ਼ੀ ਦਾ ਇਜ਼ਹਾਰ ਵੀ ਕੀਤਾ। ਉਹਨਾਂ ਕਿਹਾ ਕਿ ਮਾਂ ਦੀ ਇੱਛਾ ਪੂਰੀ ਹੋਣ ਜਾ ਰਹੀ ਹੈ ਅਤੇ ਪੂਰਾ ਪਰਿਵਾਰ ਹੈਲੀਕਾਪਟਰ ਵਿਚ ਸਵਾਰ ਹੋ ਕੇ ਡੋਲੀ ਲੈ ਕੇ ਵਿਦਾ ਹੋਵੇਗਾ ਪਰ ਚੇਤਨ ਦੀ ਮਾਤਾ ਦੇ ਇਸ ਸੁਪਨੇ ਨੂੰ ਇਸ ਵਾਰ ਮੌਸਮ ਨੇ ਪੂਰਾ ਨਹੀਂ ਹੋਣ ਦਿੱਤਾ। ਪਹਿਲਾ ਦਿੱਲੀ ਵਿਚ ਮੌਸਮ ਸਹੀ ਨਾ ਹੋਣ ਕਾਰਨ ਵਿਜੀਬਿਲਟੀ ਘੱਟ ਮਿਲੀ, ਜਿਸ ਕਾਰਨ ਉਸ ਜਗ੍ਹਾ ਤੋਂ ਹੈਲੀਕਾਪਟਰ ਨੇ ਦੇਰੀ ਨਾਲ ਉਡਾਨ ਭਰੀ ਅਤੇ ਕਰੀਬ 5 ਵਜੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੈਲੀਕਾਪਟਰ ਲੈਂਡ ਕੀਤਾ ਗਿਆ। ਇੱਕ ਪਾਸੇ ਜਦ ਹੈਲੀਕਾਪਟਰ ਰਾਹੀ ਡੋਲੀ ਲਿਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਤਾਂ ਪਾਇਲਟ ਨੇ ਦੱਸਿਆ ਕਿ ਦਿੱਲੀ ਵਿਚ ਹੁਣ ਵਿਜੀਬਿਲਟੀ ਘੱਟ ਹੋਣ ਕਾਰਨ ਉਹ ਉਹਨਾਂ ਨੂੰ ਦਿੱਲੀ ਲੈਂਡ ਨਹੀਂ ਕਰਵਾ ਸਕੇਗਾ ਅਤੇ ਉਹਨਾਂ ਨੂੰ ਅੱਜ ਚੰਡੀਗੜ੍ਹ ਰੁਕਣਾ ਪਵੇਗਾ ਪਰ ਗੁੜਗਾਓ ਵਿਚ ਘਰ ਦੇ ਵਿਆਹ ਦੇ ਅਗਲੇ ਦਿਨ ਫੰਕਸ਼ਨ ਹੋਣ ਕਾਰਨ ਪਰਿਵਾਰ ਨੇ ਚੰਡੀਗੜ੍ਹ ਜਾਣ ਦੀ ਸਹਿਮਤੀ ਨਾ ਪ੍ਰਗਟਾਈ ਅਤੇ ਹੈਲੀਕਾਪਟਰ ਬਿਨ੍ਹਾ ਡੋਲੀ ਦੇ ਹੀ ਉਡਾਨ ਭਰ ਗਿਆ। ਆਖ਼ਰ ਚੇਤਨ ਤੇ ਉਸਦੀ ਜੀਵਨ ਸਾਥਨ ਅਕਸ਼ਪ੍ਰੀਤ ਨੇ ਘਰ ਦੇ ਫੰਕਸ਼ਨਾਂ ਦੇ ਮੱਦੇਨਜ਼ਰ ਪਰਿਵਾਰ ਨਾਲ ਕਾਰ ਤੇ ਅਗਲੇਰੇ ਸਫ਼ਰ ਨੂੰ ਬਿਹਤਰ ਸਮਝਿਆ ਅਤੇ ਹੈਲੀਕਾਪਟਰ 'ਤੇ ਰਵਾਨਾ ਹੋਣ ਵਾਲੀ ਡੋਲੀ ਮੌਸਮ ਦੀ ਖਰਾਬੀ ਦੀ ਵਜ੍ਹਾ ਕਾਰਨ ਕਾਰ 'ਚ ਹੀ ਗਈ। ਹੈਲੀਕਾਪਟਰ ਦੀ ਆਮਦ ਸਮੇਂ ਮੀਡੀਆ ਅੱਗੇ ਖੁਸ਼ੀ ਪ੍ਰਗਟ ਕਰਨ ਵਾਲੇ ਲਾੜਾ-ਲਾੜੀ ਨੇ ਮੌਸਮ ਦੀ ਖਰਾਬੀ ਕਾਰਨ ਪਏ ਇਸ ਵਿਘਨ ਤੋਂ ਬਾਅਦ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਚੇਤਨ ਨੇ ਐਮ. ਬੀ. ਏ. ਲੰਡਨ ਤੋਂ ਕੀਤੀ ਹੈ ਅਤੇ ਲਾਅ ਕਰ ਰਿਹਾ ਹੈ ਅਤੇ ਗੁੜਗਾਓ ਦੇ ਰੀਅਲ ਅਸਟੇਟ ਨਾਲ ਜੁੜੇ ਕਾਰੋਬਾਰੀ ਪਰਿਵਾਰ ਦਾ ਬੇਟਾ ਹੈ। ਉਧਰ ਅਕਸ਼ਪ੍ਰੀਤ ਵੀ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਕਾਂਗਰਸੀ ਨੇਤਾ ਇੰਦਰਜੀਤ ਸਿੰਘ ਭੰਡਾਰੀ ਦੀ ਬੇਟੀ ਹੈ ਅਤੇ ਭੰਡਾਰੀ ਪ੍ਰਸਿੱਧ ਕਾਰੋਬਾਰੀ ਹਨ।