ਕੱਦ ਛੋਟਾ, ਹੌਸਲਾ ਪਹਾੜ ਜਿੱਡਾ, ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ

05/29/2023 2:51:39 AM

ਲੁਧਿਆਣਾ (ਵਿੱਕੀ)-‘‘ਮੰਜ਼ਿਲ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਸੁਫ਼ਨਿਆਂ ’ਚ ਜਾਨ ਹੁੰਦੀ ਹੈ। ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਣ ਹੁੰਦੀ ਹੈ।’’ ਇਹ ਲਾਈਨਾਂ ਉਸ ਸਮੇਂ ਸੱਚ ਸਾਬਿਤ ਹੁੰਦੀਆਂ ਪ੍ਰਤੀਤ ਹੋਈਆਂ ਜਦੋਂ ਅਬੋਹਰ ਦਾ 3 ਫੁੱਟ 1 ਇੰਚ ਦਾ ਸ਼ੌਪਤ ਕੁਮਾਰ ਆਈ. ਏ. ਐੱਸ. ਬਣਨ ਦਾ ਸੁਫ਼ਨਾ ਲੈ ਕੇ ਐਤਵਾਰ ਨੂੰ ਸਰਕਾਰੀ ਕੰਨਿਆ ਕਾਲਜ ’ਚ ਬਣੇ ਪ੍ਰੀਖਿਆ ਕੇਂਦਰ ’ਚ ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਲਈ ਲੁਧਿਆਣਾ ਪੁੱਜਾ।

ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪ੍ਰੀਖਿਆ ਤੋਂ ਪਹਿਲਾਂ ਜਦ ਸ਼ੌਪਤ ਕੁਮਾਰ ਰੱਖਬਾਗ ਵਿਚ ਟਹਿਲ ਰਿਹਾ ਸੀ ਤਾਂ ਉੱਥੇ ਦੇਖ ਕੇ ਸੈਰ ਕਰਨ ਆਏ ਲੋਕਾਂ ਨੇ ਉਸ ਦੇ ਨਾਲ ਫੋਟੋ ਖਿਚਵਾਈ। ਪੰਛੀ ਸੇਵਾ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੱਸਿਆ ਕਿ ਪੁੱਛਣ ’ਤੇ ਪਤਾ ਲੱਗਾ ਕਿ ਸ਼ੌਪਤ ਅੱਜ ਹੋਣ ਵਾਲੀ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਪੁੱਜਾ ਸੀ, ਜੋ ਸੈਂਟਰ ਖੁੱਲ੍ਹਣ ਤੋਂ ਪਹਿਲਾਂ ਰੱਖ ਬਾਗ ’ਚ ਘੁੰਮ ਰਿਹਾ ਸੀ।

PunjabKesari

ਇਸ ਉਮੀਦਵਾਰ ਦੇ ਹੌਸਲੇ ਨੂੰ ਉੱਥੇ ਸੈਰ ਕਰਨ ਆਏ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਨੇ ਸਲਾਮ ਕਰਦੇ ਕਿਹਾ ਕਿ ਬੇਸ਼ੱਕ ਸ਼ੌਪਤ ਦਾ ਕੱਦ ਛੋਟਾ ਹੈ ਪਰ ਉਨ੍ਹਾਂ ਦਾ ਹੌਸਲਾ ਪਹਾੜ ਜਿੱਡਾ ਹੈ, ਜੋ ਕਾਬਿਲੇ-ਤਾਰੀਫ਼ ਹੈ। ਅਬੋਹਰ ਕੋਲ ਪਿੰਡ ਚਰੋੜ ਖੇੜਾ ਦੇ ਰਹਿਣ ਵਾਲੇ 27 ਸਾਲਾ ਸ਼ੌਪਤ ਕੁਮਾਰ ਦੇ ਨਾਲ ਉਸ ਦਾ ਭਰਾ ਹਰਦਿਆਲ ਕੁਮਾਰ ਵੀ ਆਇਆ ਸੀ। ਉਸ ਨੇ ਦੱਸਿਆ ਕਿ ਸ਼ੌਪਤ ਦਾ ਕੱਦ ਬਚਪਨ ’ਚ 7 ਸਾਲ ਤੋਂ ਬਾਅਦ ਵਧਿਆ ਨਹੀਂ। ਗੰਗਾਨਗਰ ਦੇ ਇਕ ਨਿੱਜੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਸ਼ੌਪਤ ਨੇ ਵੀ ਕਦੇ ਆਪਣੇ ਛੋਟੇ ਕੱਦ ਨੂੰ ਉਦੇਸ਼ ਦਾ ਰੋੜਾ ਨਹੀਂ ਬਣਨ ਦਿੱਤਾ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਹਰ ਖੇਤਰ ’ਚ ਅੱਗੇ ਵਧਿਆ ਹੈ।

ਇਸ ਦੌਰਾਨ ਪੰਛੀ ਸੇਵਾ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ ਅਤੇ ਹੋਰਾਂ ਨੇ ਸ਼ੌਪਤ ਤੋਂ ਰੱਖਬਾਗ ’ਚ ਪੰਛੀਆਂ ਨੂੰ ਦਾਣਾ ਪੁਆਇਆ ਤੇ ਉਸ ਦੇ ਆਈ. ਏ. ਐੱਸ. ਬਣਨ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਪ੍ਰਾਰਥਨਾ ਕੀਤੀ। ਇਸ ਮੌਕੇ ਸੁਰਿੰਦਰ ਗਿੱਲ, ਦੇਵਦੱਤ ਚੁੱਘ, ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੀਵ ਕਤਨਾ ਵੀ ਮੌਜੂਦ ਸਨ।

ਅਕਸ਼ੈ ਕੁਮਾਰ ਦਾ ਹੈ ਫੈਨ, ਫ਼ਿਲਮਾਂ ਵਿਚ ਵੀ ਜਾਣ ਦਾ ਹੈ ਇੱਛੁਕ

ਬਾਲੀਵੁੱਡ ਐਕਟਰ ‘ਮਿਸਟਰ ਖਿਲਾੜੀ’ ਅਕਸ਼ੈ ਕੁਮਾਰ ਦੇ ਫੈਨ ਸ਼ੌਪਤ ਨੇ ਫ਼ਿਲਮਾਂ ਵਿਚ ਵੀ ਜਾਣ ਦੀ ਵੀ ਇੱਛਾ ਜਤਾਈ। ਉਸ ਨੇ ਕਿਹਾ ਕਿ ਉਹ ਆਈ. ਏ. ਐੱਸ. ਬਣ ਕੇ ਸਮਾਜ ਸੇਵਾ ਕਰਨਾ ਚਾਹੁੰਦਾ ਹੈ, ਜਿਸ ਦੀ ਪ੍ਰੇਰਣਾ ਉਸ ਨੂੰ ਆਪਣੇ ਗੁਰੂ ਬਲਦੇਵ ਸਿੰਘ ਤੋਂ ਮਿਲੀ। ਉਨ੍ਹਾਂ ਕਿਹਾ ਕਿ ਛੋਟੇ ਕੱਦ ਦੀ ਵਜ੍ਹਾ ਨਾਲ ਕਈ ਪ੍ਰੇਸ਼ਾਨੀਆਂ, ਜਿਵੇਂ ਬੱਸ ਜਾਂ ਗੱਡੀ ’ਚ ਚੜ੍ਹਨਾ ਆਦਿ ਆਉਂਦੀਆਂ ਹਨ ਪਰ ਇਸ ਤਰ੍ਹਾਂ ਦੇ ਸਥਾਨਾਂ ’ਤੇ ਲੋਕ ਉਸ ਦੀ ਬਹੁਤ ਮਦਦ ਕਰਦੇ ਹਨ।

ਮੁੱਛਾਂ ਨੂੰ ਬੇਹੱਦ ਪਿਆਰ ਕਰਦੈ ਸ਼ੌਪਤ

ਬੇਸ਼ੱਕ ਸ਼ੌਪਤ ਦਾ ਕੱਦ ਛੋਟਾ ਰਹਿ ਗਿਆ ਹੈ ਪਰ ਆਪਣੇ ਲਾਈਫ ਸਟਾਈਲ ’ਚ ਉਹ ਕੋਈ ਕਮੀ ਨਹੀਂ ਰਹਿਣ ਦਿੰਦਾ। ਖਾਸ ਤੌਰ ’ਤੇ ਦੇਖਿਆ ਗਿਆ ਕਿ ਉਸ ਨੂੰ ਆਪਣੀਆਂ ਮੁੱਛਾਂ ਨਾਲ ਬਹੁਤ ਪਿਆਰ ਹੈ, ਜਿਨ੍ਹਾਂ ਨੂੰ ਵਾਰ-ਵਾਰ ਤਾਅ ਦੇ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦ ਇਕ ਨੌਜਵਾਨ ’ਚ ਅਮਿਤਾਭ ਬਚਨ ਦੀ ਸ਼ਰਾਬੀ ਫਿਲਮ ਦਾ ਡਾਇਲਾਗ ‘ਮੂਛੇਂ ਹੋ ਤੋ ਨੱਥੂ ਲਾਲ ਜੈਸੀ, ਵਰਨਾ ਨਾ ਹੋਂ’ ਸੁਣਾਇਆ ਤਾਂ ਸ਼ੌਪਤ ਵੱਲ ਦੇਖ ਕੇ ਜ਼ੋਰ ਨਾਲ ਠਹਾਕੇ ਲਗਾਉਣ ਲੱਗੇ।
 


Manoj

Content Editor

Related News