ਸ਼ਹਿਰ ''ਚ ਭਾਰੀ ਵਾਹਨਾਂ ਦੀ ਐਂਟਰੀ ਰੋਕਣ ''ਤੇ ਨਿਊ ਦੀਪ ਬੱਸ ਸਰਵਿਸ ਦੀਆਂ ਬੱਸਾਂ ਲਾ ਕੇ ਲਾਇਆ ਜਾਮ
Monday, Oct 23, 2017 - 09:45 AM (IST)

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਜ਼ਿਲਾ ਮੈਜਿਸਟ੍ਰੇਟ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਸਵੇਰੇ 8 ਤੋਂ ਰਾਤ 9 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ 'ਤੇ ਲਾਈ ਗਈ ਪਾਬੰਦੀ ਦੇ ਹੁਕਮ ਜਾਰੀ ਹੋਣ ਦੇ ਬਾਅਦ ਫਿਰੋਜ਼ਪੁਰ ਸ਼ਹਿਰ ਦੇ ਕਈ ਸਮਾਜਿਕ ਸੰਗਠਨ ਤੇ ਆਮ ਲੋਕ ਵੀ ਇਨ੍ਹਾਂ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਦੇ ਨਾਲ ਆ ਗਏ ਹਨ। ਸ਼ਹਿਰ ਦੇ ਨੌਜਵਾਨ ਮਯੰਕ ਸ਼ਰਮਾ ਦੀ ਇਕ ਬੱਸ ਦੇ ਹੇਠਾਂ ਆ ਕੇ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ, ਉਦੋਂ ਤੋਂ ਸ਼ਹਿਰ ਦੇ ਲੋਕਾਂ, ਸਮਾਜਿਕ, ਵਪਾਰਕ, ਸਿੱਖਿਅਕ ਸੰਗਠਨਾਂ ਅਤੇ ਐੱਨ. ਜੀ. ਓ. ਆਦਿ ਨੇ ਠਾਣ ਲਿਆ ਹੈ ਕਿ ਉਹ ਸ਼ਹਿਰ ਵਿਚ ਕਿਸੇ ਵੀ ਹਾਲਤ ਵਿਚ ਸਵੇਰੇ 8 ਤੋਂ ਰਾਤ 9 ਵਜੇ ਤੱਕ ਭਾਰੀ ਵਾਹਨਾਂ ਦੀ ਐਂਟਰੀ ਨਹੀਂ ਹੋਣ ਦੇਣਗੇ। ਦੂਸਰੇ ਪਾਸੇ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਵਿਚ ਟ੍ਰੈਫਿਕ ਪੁਲਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਟਰਾਂਸਪੋਰਟ ਕੰਪਨੀਆਂ ਵਾਲੇ ਉਨ੍ਹਾਂ ਦੇ ਨਾਲ ਜ਼ੋਰ ਜ਼ਬਰਦਸਤੀ 'ਤੇ ਉਤਰ ਆਉਂਦੇ ਹਨ। ਟ੍ਰੈਫਿਕ ਪੁਲਸ ਨੇ ਕੁਝ ਦਿਨਾਂ ਤੋਂ ਕਈ ਭਾਰੇ ਵਾਹਨ ਜਿਨ੍ਹਾਂ ਵਿਚ ਬੱਸਾਂ ਵੀ ਸ਼ਾਮਲ ਹਨ, ਦੇ ਚਲਾਨ ਕੱਟੇ ਹਨ।
5 ਨਾਮਜ਼ਦ, 17 ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਡੀ. ਐੱਸ. ਪੀ. ਹਰਿੰਦਰ ਸਿੰਘ ਡੋਡ ਨੇ ਕਿਹਾ ਕਿ ਅਸੀਂ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਲਾਗੂ ਕਰਵਾ ਰਹੇ ਹਾਂ ਅਤੇ ਜੇਕਰ ਕੋਈ ਇਨ੍ਹਾਂ ਨੂੰ ਮੰਨਣ ਤੋਂ ਆਨਾਕਾਨੀ ਕਰੇਗਾ ਤਾਂ ਉਸਦੇ ਨਾਲ ਸਖਤੀ ਕਰਨਾ ਪੁਲਸ ਦੀ ਮਜਬੂਰੀ ਹੋਵੇਗੀ। ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਜਾਮ ਲਾਉਣ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਟ੍ਰੈਫਿਕ ਇੰਚਾਰਜ ਦੇ ਬਿਆਨਾਂ ਦੇ ਆਧਾਰ 'ਤੇ ਗੁਰਦਿੱਤ ਸਿੰਘ, ਜਰਨੈਲ ਸਿੰਘ, ਇਕਬਾਲ ਸਿੰਘ, ਗੁਰਜੰਟ ਸਿੰਘ, ਬੇਅੰਤ ਸਿੰਘ ਤੇ ਕਰੀਬ 15-17 ਅਣਪਛਾਤੇ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਦਿੱਤ ਸਿੰਘ, ਜਰਨੈਲ ਸਿੰਘ ਅਤੇ ਇਕਬਾਲ ਸਿੰਘ ਨੂੰ ਪੁਲਸ ਨੇ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ।
ਮੌਕੇ 'ਤੇ ਪਹੁੰਚੇ ਸੰਗਠਨਾਂ ਦੇ ਪ੍ਰਤੀਨਿਧੀ, ਐੱਨ. ਜੀ. ਓ. ਤੇ ਡੀ. ਐੱਸ. ਪੀ
ਟ੍ਰੈਫਿਕ ਜਾਮ ਦਾ ਪਤਾ ਚੱਲਦੇ ਹੀ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧ, ਐੱਨ. ਜੀ. ਓ, ਆਮ ਲੋਕ ਉਥੇ ਪਹੁੰਚ ਗਏ। ਜਿਨ੍ਹਾਂ ਨੇ ਜਾਮ ਨੂੰ ਗੁੰਡਾਗਰਦੀ ਦੱਸਦੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਫਿਰੋਜ਼ਪੁਰ ਸ਼ਹਿਰ ਵਿਚ ਭਾਰੇ ਵਾਹਨਾਂ ਦੀ ਐਂਟਰੀ ਨਹੀਂ ਹੋਣ ਦੇਣਗੇ। ਉਸੇ ਸਮੇਂ ਹਰਿੰਦਰ ਸਿੰਘ ਡੋਡ ਐੱਸ. ਪੀ. ਪੁਲਸ ਪਾਰਟੀ ਸਮੇਤ ਉਥੇ ਪਹੁੰਚ ਗਏ ਅਤੇ ਡੀ. ਐੱਸ. ਪੀ. ਨੇ ਸੜਕ 'ਤੇ ਲਾਈਆਂ ਗਈਆਂ ਬੱਸਾਂ ਨੂੰ ਤੁਰੰਤ ਉਥੇ ਹਟਵਾਉਂਦੇ ਬੱਸਾਂ ਵਾਲਿਆਂ ਨੂੰ ਥਾਣਾ ਸਿਟੀ ਫਿਰੋਜ਼ਪੁਰ ਆਉਣ ਅਤੇ ਬੈਠ ਕੇ ਗੱਲਬਾਤ ਕਰਨ ਲਈ ਕਿਹਾ। ਬੱਸਾਂ ਵਾਲਿਆਂ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਪੁਲਸ ਸਾਰੀਆਂ ਬੱਸਾਂ ਨੂੰ ਥਾਣਿਆਂ ਵਿਚ ਬੰਦ ਕਰ ਸਕਦੀ ਹੈ ਤਾਂ ਉਹ ਬੱਸਾਂ ਕਿਤੇ ਹੋਰ ਲੈ ਕੇ ਚਲੇ ਗਏ।
ਕਈ ਘੰਟਿਆਂ ਤੱਕ ਲੱਗਾ ਰਿਹਾ ਜਾਮ
ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ 'ਤੇ ਕੇਂਦਰੀ ਜੇਲ ਦੇ ਕੋਲ ਚੌਕ ਵਿਚ ਜ਼ਿਲਾ ਮੈਜੇਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੇ ਵਿਰੋਧ ਵਿਚ 'ਨਿਊ ਦੀਪ ਬੱਸ ਸਰਵਿਸ' ਦੀਆਂ ਬੱਸਾਂ ਨੇ ਰਾਤ ਦੇਰ ਤੱਕ ਜਾਮ ਲਾਈ ਰੱਖਿਆ, ਜਿਸ ਕਾਰਨ ਸ਼ਹਿਰ ਤੋਂ ਛਾਉਣੀ ਅਤੇ ਛਾਉਣੀ ਤੋਂ ਸ਼ਹਿਰ ਵੱਲ ਆਉਣ-ਜਾਣ ਵਾਲੀ ਟ੍ਰੈਫਿਕ ਜਾਮ ਹੋ ਗਈ। ਨਿਊ ਦੀਪ ਟ੍ਰਾਂਸਪੋਰਟ ਕੰਪਨੀ ਦੇ ਡਰਾਈਵਰਾਂ ਤੇ ਕੰਡਕਟਰਾ ਨੇ ਦੋਸ਼ ਲਾਉਂਦੇ ਕਿਹਾ ਕਿ ਅਜਿਹੇ ਆਦੇਸ਼ ਜਾਰੀ ਕਰਕੇ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਆਪਣੀਆਂ ਬੱਸਾਂ ਸ਼ਹਿਰ ਵਿਚ ਖੜ੍ਹੀਆਂ ਕਰਦੇ ਆ ਰਹੇ ਹਨ ਅਤੇ ਸ਼ਹਿਰ ਵਿਚ ਹੀ ਬੱਸਾਂ ਖੜ੍ਹੀਆਂ ਕਰਨ ਦਾ ਅੱਡਾ ਹੈ। ਅਸੀਂ ਲੋਕਾਂ ਦੀ ਸਹੂਲਤ ਲਈ ਬੱਸਾਂ ਚਲਾਉਂਦੇ ਦਿਨ-ਰਾਤ ਇਕ ਕਰਦੇ ਹਾਂ ਅਤੇ ਕੋਈ ਵੀ ਬੱਸ ਡਰਾਈਵਰ ਜਾਣਬੁੱਝ ਕੇ ਕਿਸੇ ਦੇ ਨਾਲ ਐਕਸੀਡੈਂਟ ਨਹੀਂ ਕਰਦਾ। ਇਸ ਲਈ ਫਿਰੋਜ਼ਪੁਰ ਸ਼ਹਿਰ ਵਿਚ ਬੱਸਾਂ ਦੀ ਐਂਟਰੀ 'ਤੇ ਪਾਬੰਦੀ ਲਾਉਣਾ ਗਲਤ ਹੈ।