ਸਾਵਧਾਨ ! ਤੇਜ਼ ਬਾਰਿਸ਼ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਤੇ ਮੰਡਰਾਅ ਰਹੇ ‘ਖ਼ਤਰੇ ਦੇ ਕਾਲੇ ਬੱਦਲ’

07/19/2023 1:53:30 AM

ਜਲੰਧਰ (ਪੁਨੀਤ)–ਤੇਜ਼ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ’ਤੇ ਖ਼ਤਰੇ ਦੇ ਬੱਦਲ ਅਜੇ ਮੰਡਰਾਅ ਰਹੇ ਹਨ ਕਿਉਂਕਿ ਇੱਕਾ-ਦੁੱਕਾ ਜ਼ਿਲ੍ਹਿਆਂ ਨੂੰ ਛੱਡ ਕੇ ਵਧੇਰੇ ਜ਼ਿਲ੍ਹਿਆਂ ਵਿਚ ਖੁੱਲ੍ਹ ਕੇ ਬਾਰਿਸ਼ ਹੋਣੀ ਅਜੇ ਬਾਕੀ ਹੈ। ਬਾਰਿਸ਼ ਤੋਂ ਬਾਅਦ ਸਥਿਤੀ ਗੰਭੀਰ ਹੋ ਸਕਦੀ ਹੈ ਕਿਉਂਕਿ ਗੁਆਂਢੀ ਸੂਬਿਆਂ ਵਿਚ ਮਾਨਸੂਨ ਦੀ ਤਬਾਹੀ ਕਾਰਨ ਪੰਜਾਬ ਦੀਆਂ ਨਦੀਆਂ ਪਹਿਲਾਂ ਹੀ ਚੜ੍ਹੀਆਂ ਹੋਈਆਂ ਹਨ। ਇਸ ਕਾਰਨ ਸੂਬੇ ਦੇ ਦਰਜਨਾਂ ਪਿੰਡਾਂ ਨੂੰ ਅਜੇ ਵੀ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ, ਜਦਕਿ ਘੱਟ ਤੋਂ ਘੱਟ 29.4 ਡਿਗਰੀ ਦਰਜ ਕੀਤਾ ਗਿਆ, ਅਗਲੇ 2-3 ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 34-35 ਡਿਗਰੀ, ਜਦਕਿ ਘੱਟ ਤੋਂ ਘੱਟ 26-27 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਸ ਅਨੁਸਾਰ ਤਾਪਮਾਨ ਵਿਚ 2 ਡਿਗਰੀ ਕਮੀ ਆਉਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ। ਫਿਲਹਾਲ ਮੌਸਮ ਵਿਚ ਚਿਪਚਿਪਾਹਟ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਪੁਲਸ ਦੇ ਟਰੈਫਿਕ ਵਿੰਗ ਨੂੰ ਮਿਲਿਆ ਇਹ ਵੱਕਾਰੀ ਐਵਾਰਡ

ਪਾਣੀ ਨਾਲ ਪ੍ਰੇਸ਼ਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਚੜ੍ਹਨ ਕਾਰਨ ਬੀਤੇ ਦਿਨੀਂ ਤਲਵਾੜਾ ਦੇ ਪੌਂਗ ਡੈਮ ’ਚੋਂ 22300 ਕਿਊਸਿਕ ਪਾਣੀ ਛੱਡਣਾ ਪਿਆ, ਜਿਸ ਨਾਲ ਹੁਸ਼ਿਆਰਪੁਰ ਦੇ ਕਈ ਪਿੰਡ ਪਾਣੀ ਵਿਚ ਡੁੱਬ ਚੁੱਕੇ ਹਨ। ਜਲੰਧਰ ਦੇ ਗੁਆਂਢੀ ਸ਼ਾਹਕੋਟ, ਲੋਹੀਆਂ ਆਦਿ ਵਿਚ ਅਜੇ ਵੀ ਰਾਹਤ ਕਾਰਜ ਚੱਲ ਰਹੇ ਹਨ ਕਿਉਂਕਿ ਪਾੜ ਨੂੰ ਪੂਰਨ ਦਾ ਕੰਮ ਅਜੇ ਚੱਲ ਰਿਹਾ ਹੈ। ਅਜਿਹੇ ਹਾਲਾਤ ਵਿਚ ਬਾਰਿਸ਼ ਹੋਣਾ ਖ਼ਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ, ਜਿਸ ਕਾਰਨ ਇਸ ਪ੍ਰਤੀ ਗੰਭੀਰਤਾ ਦਿਖਾਉਣ ਦੇ ਨਾਲ-ਨਾਲ ਸਾਵਧਾਨ ਰਹਿਣਾ ਜ਼ਰੂਰੀ ਹੈ। ਮੌਸਮ ਮਾਹਿਰਾਂ ਮੁਤਾਬਕ ਮਾਨਸੂਨ ਨੇ ਪੰਜਾਬ ਵਿਚ ਅਜੇ ਤਕ ਪੂਰੀ ਤਰ੍ਹਾਂ ਆਪਣਾ ਰੰਗ ਨਹੀਂ ਦਿਖਾਇਆ। ਹਿਮਾਚਲ ਵਿਚ ਉਮੀਦ ਤੋਂ ਵੱਧ ਬਾਰਿਸ਼ ਪੈਣ ਕਾਰਨ ਪੰਜਾਬ ਦੀਆਂ ਨਦੀਆਂ ਵਿਚ ਪਾਣੀ ਚੜ੍ਹ ਗਿਆ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ। ਚੰਗੀ ਗੱਲ ਇਹ ਰਹੀ ਕਿ ਪਾਣੀ ਵਧਣ ਦੇ ਸਮੇਂ ਪੰਜਾਬ ਵਿਚ ਜ਼ਿਆਦਾ ਬਾਰਿਸ਼ ਨਹੀਂ ਹੋਈ, ਨਹੀਂ ਤਾਂ ਹਾਲਾਤ ਗੰਭੀਰ ਹੋ ਸਕਦੇ ਸਨ ਤੇ ਪਾਣੀ ਆਪਣਾ ਭਿਆਨਕ ਰੰਗ ਦਿਖਾ ਸਕਦਾ ਸੀ।

ਇਹ ਖ਼ਬਰ ਵੀ ਪੜ੍ਹੋ : 19 ਜ਼ਿਲ੍ਹਿਆਂ ਦੇ 1432 ਪਿੰਡ ਹੜ੍ਹਾਂ ਨਾਲ ਹੋਏ ਪ੍ਰਭਾਵਿਤ, ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜ ਜੰਗੀ ਪੱਧਰ ’ਤੇ ਜਾਰੀ

ਮਾਨਸੂਨ ਨੇ ਪੰਜਾਬ ਵਿਚ ਦੇਰੀ ਨਾਲ ਦਸਤਕ ਦਿੱਤੀ ਸੀ। 5 ਜੁਲਾਈ ਨੂੰ ਸ਼ੁਰੂ ਹੋਏ ਮਾਨਸੂਨ ਦੌਰਾਨ ਕੁਝ ਜ਼ਿਲ੍ਹਿਆਂ ਵਿਚ ਵਧੀਆ ਬਾਰਿਸ਼ ਦੇਖਣ ਨੂੰ ਮਿਲੀ ਪਰ ਵਧੇਰੇ ਜ਼ਿਲ੍ਹਿਆਂ ਵਿਚ ਬਾਰਿਸ਼ ਘੱਟ ਰਹੀ। ਮੌਸਮ ਵਿਭਾਗ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਬਾਰਿਸ਼ ਦਾ ਖ਼ਤਰਾ ਟਲਦਾ ਜਾ ਰਿਹਾ ਹੈ ਪਰ ਇਹ ਖ਼ਤਮ ਨਹੀਂ ਹੋਇਆ, ਜਿਸ ਕਾਰਨ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਭਾਰੀ ਬਾਰਿਸ਼ ਹੋ ਸਕਦੀ ਹੈ। ਦੇਖਣ ਵਿਚ ਆ ਰਿਹਾ ਹੈ ਕਿ ਰੋਜ਼ਾਨਾ ਕਾਲੇ ਬੱਦਲ ਛਾ ਜਾਂਦੇ ਹਨ ਅਤੇ ਕੁਝ ਸਮੇਂ ਬਾਅਦ ਗ਼ਾਇਬ ਹੋ ਜਾਂਦੇ ਹਨ। ਬੱਦਲਾਂ ਦੀ ਲੁਕਣਮੀਟੀ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਰਹੀ ਹੈ ਕਿਉਂਕਿ ਭਾਰੀ ਗਰਮੀ ਵਿਚਕਾਰ ਲੋਕ ਬਾਰਿਸ਼ ਦੀ ਉਡੀਕ ਕਰ ਰਹੇ ਹਨ। ਜ਼ਿਲੇ ਦੇ ਲੋਹੀਆਂ ਇਲਾਕੇ ਵਿਚ ਹੜ੍ਹ ਦਾ ਪਾਣੀ ਅਜੇ ਵੀ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਅਜਿਹੇ ਵਿਚ ਬਾਰਿਸ਼ ਆਉਣ ਨਾਲ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।

  ਯੈਲੋ ਅਲਰਟ ਦੇ ਬਾਵਜੂਦ ਨਹੀਂ ਹੋਈ ਬਾਰਿਸ਼

ਆਮ ਤੌਰ ’ਤੇ ਮੌਸਮ ਵਿਭਾਗ ਦਾ ਅਗਾਊਂ ਅਨੁਮਾਨ ਠੀਕ ਰਹਿੰਦਾ ਹੈ ਪਰ ਇਸ ਵਾਰ ਅਜਬ-ਗ਼ਜਬ ਅਨੁਮਾਨ ਦੇਖਣ ਨੂੰ ਮਿਲਿਆ ਹੈ। ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਕਈ ਵਾਰ ਯੈਲੋ ਅਲਰਟ ਕੀਤਾ ਗਿਆ ਪਰ ਹਾਲਾਤ ਅਜਿਹੇ ਬਣੇ ਕਿ ਬਾਰਿਸ਼ ਵੀ ਨਹੀਂ ਹੋਈ। ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਹੋਣੀ ਤੈਅ ਮੰਨੀ ਜਾ ਰਹੀ ਹੈ। ਸਾਫ਼ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਤੇ ਖ਼ਤਰੇ ਦੇ ਕਾਲੇ ਬੱਦਲ ਮੰਡਰਾਅ ਰਹੇ ਹਨ, ਜੋ ਕਿ ਕਦੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ।
 


Manoj

Content Editor

Related News