ਭਾਰੀ ਮੀਂਹ ਨਾਲ ਜਲ-ਥਲ ਹੋਇਆ ਸ੍ਰੀ ਕੀਰਤਪੁਰ ਸਾਹਿਬ
Tuesday, Feb 13, 2018 - 01:29 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਮੰਗਲਵਾਰ ਪਏ ਭਾਰੀ ਮੀਂਹ ਕਾਰਨ ਸ੍ਰੀ ਕੀਰਤਪੁਰ ਸਾਹਿਬ ਦਾ ਇਲਾਕਾ ਜਲ-ਥਲ ਹੋ ਗਿਆ। ਗਲੀਆਂ, ਬਾਜ਼ਾਰਾਂ, ਸੜਕਾਂ ਆਦਿ ਥਾਵਾਂ 'ਤੇ ਪਾਣੀ ਖੜ੍ਹਨ ਕਾਰਨ ਵਾਹਨ ਚਾਲਕਾਂ ਅਤੇ ਪੈਦਲ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਮੀਂਹ ਨਾਲ ਸ੍ਰੀ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਕੌਮੀ ਮਾਰਗ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਪੁਲ 'ਤੇ ਪਾਣੀ ਜਮ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਹੋਈ। ਸਭ ਤੋਂ ਵੱਧ ਪਰੇਸ਼ਾਨੀ ਦੋਪਹੀਆ ਵਾਹਨ ਚਾਲਕਾਂ ਨੂੰ ਪੁਲ ਪਾਰ ਕਰਨ ਸਮੇਂ ਹੋਈ। ਸੜਕ 'ਤੇ ਪਏ ਟੋਇਆਂ ਵਿਚ ਪਾਣੀ ਭਰਨ ਕਾਰਨ ਵੀ ਵਾਹਨ ਚਾਲਕਾਂ ਨੂੰ ਕਈ ਵਾਰ ਆਪਣੇ ਵਾਹਨ ਕੰਟਰੋਲ ਕਰਨੇ ਔਖੇ ਹੋਏ। ਸ੍ਰੀ ਕੀਰਤਪੁਰ ਸਾਹਿਬ ਦੇ ਮੇਨ ਬਾਜ਼ਾਰ ਅਤੇ ਮਹਿਰਾ ਦੇ ਮੁਹੱਲੇ ਵਿਚ ਮੀਂਹ ਦੇ ਪਾਣੀ ਨੇ ਆਪਣਾ ਰੰਗ ਦਿਖਾਇਆ। ਜਿਓਵਾਲ ਦੇ ਸਰਕਾਰੀ ਪ੍ਰਾਇਮਰੀ, ਮਿਡਲ ਤੇ ਪ੍ਰਾਈਵੇਟ ਲਵ ਡੇਅ ਪਬਲਿਕ ਸਕੂਲ ਅੱਗੇ ਵੀ ਖਸਤਾ ਹਾਲਤ ਸੜਕ 'ਤੇ ਪਾਣੀ ਖੜ੍ਹਨ ਕਾਰਨ ਪੜ੍ਹਨ ਵਾਲੇ ਬੱਚਿਆਂ ਨੂੰ ਆਉਣ ਜਾਣ ਸਮੇਂ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਨਹਿਰ ਦੀ ਪਟੜੀ ਤੇ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਨਜ਼ਦੀਕ ਪਾਣੀ ਦੇ ਖੜ੍ਹਨ ਨਾਲ ਪਟੜੀ ਤੋਂ ਲੰਘਣ ਸਮੇਂ ਰਾਹੀਗਰਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਈ।