ਮਾਨਸੂਨ ਦੀ ਤੇਜ਼ ਬਾਰਿਸ਼ ਤੇ ਝੱਖੜ ਨਾਲ ਕਿਤੇ ਰਾਹਤ, ਕਿਤੇ ਆਫਤ

Thursday, Jun 08, 2017 - 07:41 AM (IST)

ਮਾਨਸੂਨ ਦੀ ਤੇਜ਼ ਬਾਰਿਸ਼ ਤੇ ਝੱਖੜ ਨਾਲ  ਕਿਤੇ ਰਾਹਤ, ਕਿਤੇ ਆਫਤ

ਪਟਿਆਲਾ (ਬਲਜਿੰਦਰ, ਜੋਸਨ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਤੜਕਸਾਰ ਪ੍ਰੀ-ਮਾਨਸੂਨ ਦੀ ਪਈ ਭਰਵੀਂ ਬਾਰਿਸ਼ ਅਤੇ ਚੱਲੇ ਝੱਖੜ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ। ਕਈ ਥਾਵਾਂ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਗਰਮੀ ਤੋਂ ਰਾਹਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਾਰਿਸ਼ ਨਾਲ 11 ਡਿਗਰੀ ਤਾਪਮਾਨ ਵਿਚ ਗਿਰਾਵਟ ਦੇਖੀ ਗਈ। ਲੋਕਾਂ ਨੇ ਦਿਨ ਭਰ ਠੰਡੀਆਂ ਹਵਾਵਾਂ ਦਾ ਨਜ਼ਾਰਾ ਲਿਆ। ਦੂਜੇ ਪਾਸੇ ਚੱਲੇ ਝੱਖੜ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਬਿਜਲੀ ਦੇ ਕੱਟ ਵੀ ਦੇਖਣ ਨੂੰ ਮਿਲੇ। ਕਈ ਥਾਵਾਂ 'ਤੇ ਬਿਜਲੀ ਦੇ ਖੰਭੇ ਟੁੱਟ ਗਏ। ਦਰਖੱਤਾਂ ਦੇ ਟੁੱਟਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਕਹਿਰ ਦੀ ਗਰਮੀ ਤੋਂ ਕਿਸਾਨਾਂ ਨੇ ਵੀ ਸੁਖ ਦਾ ਸਾਹ ਲਿਆ। 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ। ਕਿਸਾਨਾਂ ਨੂੰ ਪਹਿਲਾਂ ਖੇਤ ਵਾਹੁਣ ਅਤੇ ਝੋਨੇ ਦੀ ਲਵਾਈ ਦੀਆਂ ਤਿਆਰੀਆਂ ਲਈ ਇਹ ਬਾਰਿਸ਼ ਲਾਹੇਵੰਦ ਸਾਬਤ ਹੋਵੇਗੀ।
ਤੜਕ ਸਵੇਰ ਪਈ ਤੇਜ਼ ਬਾਰਿਸ਼ ਨੇ ਮੌਸਮ ਦਾ ਮਿਜ਼ਾਜ ਹੀ ਬਦਲ ਕੇ ਰੱਖ ਦਿੱਤਾ। ਗਰਮੀ ਦੇ ਮੌਸਮ ਦੀ ਇਹ ਪਹਿਲੀ ਬਾਰਿਸ਼ ਸੀ। ਹੋਰ ਬਾਰਿਸ਼ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਦਰੱਖਤ ਡਿੱਗਣ ਨਾਲ ਟੁੱਟੀਆਂ ਬਿਜਲੀ ਦੀਆਂ ਤਾਰਾਂ
ਬੀਤੀ ਰਾਤ ਚੱਲੀ ਤੇਜ਼ ਹਨੇਰੀ ਕਾਰਨ ਕਈ ਥਾਵਾਂ 'ਤੇ ਦਰੱਖਤਾਂ ਦੇ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਹਨ। ਕਈ ਥਾਵਾਂ 'ਤੇ ਬਿਜਲੀ ਗੁੱਲ ਰਹੀ। ਪਟਿਆਲਾ ਜੇਲ ਰੋਡ 'ਤੇ ਸਫੈਦਾ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਖੰਭਾ ਟੁੱਟ ਗਿਆ, ਜਿਸ ਕਾਰਨ ਸ਼ਹਿਰੀ ਬਿਜਲੀ ਪੂਰਾ ਦਿਨ ਬੰਦ ਰਹੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਨੇ ਪੂਰਾ ਦਿਨ ਠੀਕ ਕਰਨ ਉਪਰੰਤ ਬਿਜਲੀ ਨੂੰ ਚਾਲੂ ਕੀਤਾ। ਬਾਰਾਦਰੀ ਵਿਚ ਬਿਜਲੀ ਦੀਆਂ ਤਾਰਾਂ 'ਤੇ ਦਰਖੱਤ ਡਿੱਗ ਪਿਆ। ਉਸ ਨੂੰ ਸਵੇਰੇ ਹੀ ਮੁਲਾਜ਼ਮਾਂ ਕੱਟ ਕੇ ਬਿਜਲੀ ਸਪਲਾਈ ਚਾਲੂ ਕੀਤੀ। ਇਸੇ ਤਰ੍ਹਾਂ ਰਾਜਪੁਰਾ ਰੋਡ 'ਤੇ ਬੀਤੀ ਰਾਤ ਇਕ ਟਰੱਕ ਪਲਟ ਗਿਆ ਜੋ ਬਿਜਲੀ ਦੇ ਖੰਭੇ ਵਿਚ ਜਾ ਵੱਜਾ। ਬਿਜਲੀ ਦਾ ਖੰਭਾ ਟੁੱਟ ਗਿਆ। ਬਿਜਲੀ ਦੇ ਖੰਭੇ ਟੁੱਟਣ ਅਤੇ ਦਰਖੱਤ ਡਿੱਗਣ ਦੀਆਂ ਘਟਨਾਵਾਂ ਇਕ ਦਰਜਨ ਤੋਂ ਜਿਆਦਾ ਥਾਵਾਂ 'ਤੇ ਹੋਣ ਦੀ ਸੂਚਨਾ ਹੈ। ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ।  
ਤਾਪਮਾਨ ਵਿਚ 11 ਡਿਗਰੀ ਗਿਰਾਵਟ
ਤੇਜ਼ ਬਾਰਿਸ਼ ਕਾਰਨ ਅੱਜ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ। ਪਿਛਲੇ ਤਿੰਨ ਦਿਨਾਂ ਤੋਂ 45 ਡਿਗਰੀ ਤੋਂ ਉੱਪਰ ਚਲੇ ਆ ਤਾਪਮਾਨ ਵਿਚ 11 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਲੰਘੇ ਸ਼ਨੀਵਾਰ ਨੂੰ ਤਾਪਮਾਨ 45 ਡਿਗਰੀ, ਐਤਵਾਰ ਨੂੰ 46 ਡਿਗਰੀ ਤੋਂ ਉੱਪਰ, ਸੋਮਵਾਰ ਅਤੇ ਮੰਗਲਵਾਰ ਨੂੰ ਵੀ ਤਾਪਮਾਨ 45 ਡਿਗਰੀ ਹੋਣ ਕਾਰਨ ਲੋਕ ਗਰਮੀ ਨਾਲ ਪੂਰੀ ਤਰ੍ਹਾਂ ਝੁਲਸੇ ਰਹੇ। ਤੇਜ਼ ਝੱਖੜ ਅਤੇ ਬਾਰਿਸ਼ ਕਾਰਨ ਅੱਜ ਤਾਪਮਾਨ 35 ਡਿਗਰੀ ਦਰਜ ਕੀਤਾ ਗਿਆ।


Related News