ਸਾਬਣ ਫੈਕਟਰੀ ''ਚ ਲੱਗੀ ਭਿਆਨਕ ਅੱਗ, ਕਰੀਬ 2 ਲੱਖ ਦਾ ਸਾਬਣ ਤੇ ਕੈਮੀਕਲ ਸੜ ਕੇ ਸੁਆਹ
Thursday, Jun 08, 2017 - 07:36 AM (IST)

ਫਗਵਾੜਾ, (ਜਲੋਟਾ)— ਫਗਵਾੜਾ ਵਿਚ ਪੁਰਾਣੀ ਦਾਣਾ ਮੰਡੀ ਇਲਾਕੇ ਵਿਚ ਓਲਡ ਪੋਸਟ ਆਫਿਸ ਰੋਡ 'ਤੇ ਜੋਸ਼ੀਆਂ ਮੁਹੱਲੇ ਵਿਚ ਬੁੱਧਵਾਰ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਲਾਕੇ ਵਿਚ ਸਥਿਤ ਇਕ ਸਾਬਣ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਇਲਾਕੇ ਵਿਚ ਵੱਡੀ ਗਿਣਤੀ ਵਿਚ ਲੋਕ ਜਮ੍ਹਾ ਹੋ ਗਏ ਤੇ ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਵਿਭਾਗ ਨੂੰ ਫੋਨ 'ਤੇ ਦਿੱਤੀ ਗਈ। ਸੂਚਨਾ ਦੇ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨਾਲ ਅੱਗ 'ਤੇ ਪਾਣੀ ਦਾ ਛਿੜਕਾਅ ਕਰਕੇ ਅੱਗ ਨੂੰ ਕਾਬੂ ਕਰਨ ਦਾ ਦੌਰ ਸ਼ੁਰੂ ਹੋਇਆ। ਜਾਣਕਾਰੀ ਅਨੁਸਾਰ ਅੱਗ ਲੱਗਣ ਨਾਲ ਸਾਬਣ ਫੈਕਟਰੀ ਵਿਚ ਪਿਆ ਸਾਬਣ ਤੇ ਕੈਮੀਕਲ, ਜਿਸ ਦੀ ਕੀਮਤ 2 ਲੱਖ ਰੁਪਏ ਦੇ ਆਸ-ਪਾਸ ਹੈ, ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਵਿਭਾਗ ਵਲੋਂ ਅੱਗ ਲੱਗਣ ਦੀ ਸੂਚਨਾ ਪੁਲਸ ਥਾਣਾ ਸਿਟੀ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਹੋਣ ਦੇ ਕਾਰਨ ਲੱਗੀ ਹੈ। ਅੰਤਿਮ ਸੂਚਨਾ ਮਿਲਣ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵਿਚ ਲੱਗੇ ਰਹੇ। ਉਥੇ ਹੀ ਇਲਾਕੇ ਵਿਚ ਹਫੜਾ-ਦਫੜੀ ਮਚੀ ਰਹੀ।