ਮੌਸਮ ਨੇ ਲਈ ਕਰਵਟ : ਰਾਹਤ ਤੋਂ ਬਾਅਦ ਫਿਰ ਤੋਂ ਰੰਗ ਦਿਖਾਏਗੀ ਗਰਮੀ, ‘ਹੀਟ ਵੇਵ ਦੀ ਚਿਤਾਵਨੀ’

06/24/2024 10:53:03 AM

ਜਲੰਧਰ (ਪੁਨੀਤ) - ਪਿਛਲੇ ਕੁਝ ਦਿਨਾਂ ਦੌਰਾਨ ਮਹਾਨਗਰ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ’ਚ ਮੀਂਹ ਪਿਆ, ਜਿਸ ਨਾਲ ਸੂਬੇ ਭਰ ’ਚ ਗਰਮੀ ਦਾ ਪ੍ਰਕੋਪ ਘੱਟ ਹੋਇਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਇਹ ਰਾਹਤ ਹੁਣ ਖਤਮ ਹੋ ਰਹੀ ਹੈ ਤੇ ਗਰਮੀ ਫਿਰ ਤੋਂ ਆਪਣਾ ਰੰਗ ਦਿਖਾਉਂਦੀ ਨਜ਼ਰ ਆਵੇਗੀ।

ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਕੀਤੇ ਗਏ ਪੂਰਵ ਅਨੁਮਾਨ ਮੁਤਾਬਕ 2 ਦਿਨਾਂ ਲਈ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਤਾਪਮਾਨ ’ਚ ਵਾਧਾ ਦੇਖਣ ਨੂੰ ਮਿਲੇਗਾ। ਇਸ ਕਾਰਨ ਇਕ ਵਾਰ ਫਿਰ ਤੋਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨ ਪਏਗਾ। ਵਿਭਾਗ ਵੱਲੋਂ ਹੀਟ ਵੇਵ ਦੀ ਚਿਤਾਵਨੀ ਦਿੱਤੀ ਗਈ ਹੈ।

ਉਥੇ ਹੀ ਮੀਂਹ ਸੰਬੰਧੀ ਮੌਸਮ ਵਿਭਾਗ ਅੰਕੜਿਆਂ ਮੁਤਾਬਕ ਪਿਛਲੇ ਕੁਝ ਦਿਨਾਂ ਦੌਰਾਨ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਮੀਂਹ ਪੈਣ ਨਾਲ ਤਾਪਮਾਨ ’ਚ 4-5 ਡਿਗਰੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਹਾਨਗਰ ਜਲੰਧਰ ਦੇ ਗੁਆਂਢੀ ਇਲਾਕਿਆਂ ’ਚ ਤੇਜ਼ ਮੀਂਹ ਦੇਖਣ ਨੂੰ ਮਿਲਿਆ ਪਰ ਜਲੰਧਰ ’ਚ ਮੀਂਹ ਨੇ ਆਪਣਾ ਰੰਗ ਨਹੀਂ ਦਿਖਾਇਆ। ਗੁਆਂਢੀ ਸੂਬਿਆਂ ਹਿਮਾਚਲ, ਹਰਿਆਣਾ ’ਚ ਮੀਂਹ ਪੈਣ ਕਾਰਨ ਪੰਜਾਬ ਦੀ ਹਵਾ ’ਚ ਠੰਡਕ ਦੇਖਣ ਨੂੰ ਮਿਲੀ, ਜਿਸ ਨੇ ਗਰਮੀ ਤੋਂ ਰਾਹਤ ਦਿਵਾਈ। ਹਵਾ ਦੀ ਨਮੀ ਕਾਰਨ ਲੂ ਦਾ ਸਿਲਸਿਲਾ ਵੀ ਖਤਮ ਹੋ ਗਿਆ ਸੀ ਪਰ ਹੁਣ ਆਉਣ ਵਾਲੇ ਦਿਨਾਂ ’ਚ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ।

ਉਥੇ ਹੀ ਅੱਜ ਛੁੱਟੀ ਕਾਰਨ ਲੋਕਾਂ ਦੀ ਆਵਾਜਾਈ ਬਹੁਤ ਘੱਟ ਰਹੀ, ਜਿਸ ਨਾਲ ਸੜਕਾਂ ’ਤੇ ਸੰਨਾਟਾ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਵਲੋਂ 24 ਤੇ 25 ਜੂਨ ਦੇ ਲਈ ਯੈਲੋ ਅਲਰਟ ਦਿਖਾਇਆ ਗਿਆ ਹੈ ਪਰ ਇਹ ਯੈਲੋ ਅਲਰਟ ਦੀ ਪਹਿਲੀ ਸਟੇਜ ਹੋਵੇਗੀ। ਇਸ ’ਚ ਫਿਲਹਾਲ ਤੂਫਾਨ ਆਦਿ ਦਾ ਅਲਰਟ ਨਹੀਂ ਰਹੇਗਾ ਪਰ ਗਰਮੀ ਦਾ ਜ਼ੋਰ ਦੇਖਣ ਨੂੰ ਮਿਲੇਗਾ। ਫਿਲਹਾਲ ਜਾਰੀ ਹੋਏ ਅੰਕੜਿਆਂ ਮੁਤਾਬਕ ਮੰਗਲਵਾਰ ਸ਼ਾਮ ਤੱਕ ਲਈ ਯੈਲੋ ਅਲਰਟ ਦੱਸਿਆ ਗਿਆ ਹੈ।

ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਪੰਜਾਬ ਦਾ ਸਭ ਤੋਂ ਗਰਮ ਰਿਹਾ। ਉੱਥੇ ਜਲੰਧਰ ਦਾ ਤਾਪਮਾਨ ਵਧ ਤੋਂ ਵਧ ਤਾਪਮਾਨ 40.1 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜਦਕਿ ਘੱਟੋ-ਘੱਟ ਤਾਪਮਾਨ 28.29 ਦਰਮਿਆਨ ਦੱਸਿਆ ਗਿਆ ਹੈ। ਉਥੇ ਗੁਆਂਢੀ ਸ਼ਹਿਰ ਬਲਾਚੌਰ ’ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਿਕਾਰਡ ਹੋਇਆ, ਜਦਕਿ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 41.8 ਰਿਹਾ। ਇਨ੍ਹਾਂ ਅੰਕੜਿਆਂ ਮੁਤਾਬਕ ਮਹਾਨਗਰ ਦੇ ਗੁਆਂਢੀ ਜ਼ਿਲਿਆਂ ਦੇ ਤਾਪਮਾਨ ’ਚ 1-2 ਡਿਗਰੀ ਦਾ ਫਰਕ ਦੇਖਣ ਨੂੰ ਮਿਲਾ ਰਿਹਾ ਹੈ।

38 ਤੋਂ ਵਧ ਕੇ ਤਾਪਮਾਨ ਨੇ 40 ਪਾਰ ਦੀ ਲਗਾਈ ਛਲਾਂਗ

ਮਾਹਿਰਾਂ ਵਲੋਂ ਜਾਰੀ ਕੀਤੇ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਪੰਜਾਬ ਦਾ ਐਵਰੇਜ ਤਾਪਮਾਨ 38 ਡਿਗਰੀ ਤਕ ਪਹੁੰਚ ਗਿਆ ਸੀ, ਜਦਕਿ ਘੱਟੋ-ਘੱਟ ਤਾਪਮਾਨ 24-26 ਤਕ ਰਿਕਾਰਡ ਹੋਇਆ ਸੀ। ਇਸ ਕਾਰਨ ਕਈ ਇਲਾਕਿਆਂ ’ਚ ਰਾਤ ਦੇ ਸਮੇਂ ਏ. ਸੀ. ਬੰਦ ਹੋ ਗਏ ਸਨ। ਹੁਣ ਗਰਮੀ ਵਧਣ ਨਾਲ ਤਾਪਮਾਨ ’ਚ ਇਕਦਮ ਵਾਧਾ ਹੋਇਆ ਹੈ ਤੇ ਤਾਪਮਾਨ 40 ਪਾਰ ਦੀ ਛਲਾਂਗ ਲਾ ਚੁੱਕਾ ਹੈ। ਇਸ ਕਾਰਨ ਹੁਣ ਫਿਰ ਤੋਂ ਏ. ਸੀ. ਦੀ ਵਰਤੋਂ ਵਧੇਗੀ ਤੇ ਬਿਜਲੀ ਦੀ ਖਪਤ ’ਚ ਵਾਧਾ ਦੇਖਣ ਨੂੰ ਮਿਲੇਗਾ। ਪਿਛਲੇ ਦਿਨੀ ਗਰਮੀ ਨੇ ਜਿਸ ਕਾਰਨ ਜ਼ੋਰ ਦਿਖਾਇਆ ਸੀ, ਉਸ ਨਾਲ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਸਨ।

ਐਡਵਾਈਜ਼ਰੀ : ਲਾਪ੍ਰਵਾਹੀ ਨਹੀਂ, ਸਾਵਧਾਨੀ ਅਪਣਾਉਣਾ ਜ਼ਰੂਰੀ

ਪ੍ਰੀ-ਮਾਨਸੂਨ ਕਾਰਨ ਪੰਜਾਬ ’ਚ ਗਰਮੀ ਤੋਂ ਰਾਹਤ ਮਿਲੀ ਸੀ ਪਰ ਮੌਸਮ ਦੀ ਕਰਵਟ ਕਾਰਨ ਹੁਣ ਫਿਰ ਤੋਂ ਗਰਮੀ ਜ਼ੋਰ ਫੜਦੀ ਨਜ਼ਰ ਆਏਗੀ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਤਾਪਮਾਨ ਇਕਦਮ ਤਾਪਮਾਨ ਵੱਧਦਾ ਹੈ ਤੇ ਅਜਿਹੇ ’ਚ ਲਾਪ੍ਰਵਾਹੀ ਅਪਣਾਉਣੀ ਭਾਰੀ ਪੈ ਸਕਦੀ ਹੈ। ਜਨਤਾ ਨੂੰ ਸਾਵਧਾਨੀ ਅਪਣਾਉਣ ਵੱਲ ਜਾਗਰੁਕ ਹੋਣ ਦੀ ਲੋੜ ਹੈ। ਮੀਂਹ ਤੋਂ ਬਾਅਦ ਜਦੋਂ ਗਰਮੀ ਪੈਂਦੀ ਹੈ ਤਾਂ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੁੰਦਾ ਹੈ। ਜਲੰਧਰ ’ਚ ਭਾਵੇਂ ਹੀ ਮੀਂਹ ਨਾ ਪਿਆ ਹੋਵੇ ਪਰ ਹਵਾ ’ਚ ਨਮੀ ਦਾ ਅਸਰ ਆਲੇ-ਦੁਆਲੇ ਦੇ ਸ਼ਹਿਰਾਂ ਵਰਗਾ ਹੀ ਮਹਿਸੂਸ ਹੋਵੇਗਾ। ਅਜਿਹੇ ’ਚ ਲਾਪ੍ਰਵਾਹੀ ਅਪਣਾਉਣ ਵਾਲਿਅਾਂ ਨੂੰ ਭਾਰੀ ਪ੍ਰੇਸ਼ਾਨੀਅਾਂ ਪੇਸ਼ ਆ ਸਕਦੀਅਾਂ ਹਨ।


Harinder Kaur

Content Editor

Related News