ਪੰਜਾਬ 'ਚ ਜਾਨਲੇਵਾ ਹੋਈ ਗਰਮੀ! ਵੱਖ-ਵੱਖ ਜ਼ਿਲ੍ਹਿਆਂ 'ਚ 4 ਮੌਤਾਂ, ਕੱਪੜੇ ਸੁਕਾ ਰਹੀ ਔਰਤ ਦੀ ਵੀ ਗਈ ਜਾਨ

06/17/2024 8:33:29 AM

ਬਠਿੰਡਾ/ਫਾਜ਼ਿਲਕਾ/ਜਲੰਧਰ (ਸੁਖਵਿੰਦਰ/ਲੀਲਾਧਰ/ਸ਼ੋਰੀ)- ਪੰਜਾਬ ਵਿਚ ਅਸਮਾਨ ਤੋਂ ਵਰ੍ਹਦੀ ਅੱਗ ਜਾਨਲੇਵਾ ਸਾਬਿਤ ਹੋਣ ਲੱਗ ਪਈ ਹੈ। ਬੀਤੇ ਦਿਨੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ 4 ਲੋਕਾਂ ਦੀ ਗਰਮੀ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਦਰੱਖਤਾਂ ਦੀ ਲਗਾਤਾਰ ਕਟਾਈ ਕਾਰਨ ਪੰਜਾਬ ’ਚ ਤਾਪਮਾਨ ਅੰਕੜਿਆਂ ਨੂੰ ਤੋੜ ਰਿਹਾ ਹੈ। ਪੰਜਾਬ 'ਚ ਅੱਜ ਤੱਕ ਕਦੇ ਵੀ ਇੰਨੀ ਗਰਮੀ ਨਹੀਂ ਪਈ। ਗਰਮੀ ਕਾਰਨ ਸਾਰੇ ਸ਼ਹਿਰਾਂ ਦਾ ਬੁਰਾ ਹਾਲ ਹੈ। ਗਰਮੀ ਕਾਰਨ ਕਈ ਲੋਕ ਬੀਮਾਰ ਹੋ ਰਹੇ ਹਨ ਤੇ ਇਲਾਜ ਲਈ ਸਿਵਲ ਹਸਪਤਾਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਰੁਖ ਕਰ ਰਹੇ ਹਨ।

ਬਠਿੰਡਾ 'ਚ ਗਈ 2 ਲੋਕਾਂ ਦੀ ਜਾਨ

ਬਠਿੰਡਾ ਵਿਖੇ ਗਰਮੀ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 6 ’ਤੇ ਇਕ ਰੇਲ ਯਾਤਰੀ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਟੀਮ ਦੇ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਪਏ ਰੇਲ ਯਾਤਰੀ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੇਰ ਬਾਅਦ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਸ਼ਨਾਖਤ ਵਿਜੇ ਕੁਮਾਰ ਪੁੱਤਰ ਸਮੀਰ ਚੰਦ ਵਾਸੀ ਲਖਨਊ ਵਜੋਂ ਹੋਈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼

ਇਸੇ ਤਰ੍ਹਾਂ ਬਠਿੰਡਾ-ਮਾਨਸਾ ਰੋਡ ’ਤੇ ਕਾਲੀ ਮਾਤਾ ਮੰਦਰ ਨੇੜੇ ਪਾਰਕ ’ਚ ਨਸ਼ੇ ਦੀ ਹਾਲਤ ’ਚ ਪਏ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕੋਲ ਕੋਈ ਕਾਗਜ਼ ਨਾਲ ਹੋਣ ਕਾਰਨ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੌਰਚਰੀ ’ਚ ਸੁਰੱਖਿਅਤ ਰੱਖ ਦਿੱਤਾ ਹੈ।

ਕੱਪੜੇ ਸੁਕਾ ਰਹੀ ਔਰਤ ਦੀ ਹੋਈ ਮੌਤ

ਫਾਜ਼ਿਲਕਾ ਵਿਚ ਗਲੀ ਜੰਗੀਆਣਾ ਦੇ ਰਹਿਣ ਵਾਲੀ ਆਸ਼ਾ ਗੁਪਤਾ ਪਤਨੀ ਰਵਿੰਦਰ ਗੁਪਤਾ (ਸਰਵੇਅਰ) ਆਪਣੇ ਘਰ ਦੀ ਛੱਤ ’ਤੇ ਕੱਪੜੇ ਸੁਕਾ ਰਹੀ ਸੀ ਤਾਂ ਗਰਮੀ ਕਾਰਨ ਉਸ ਨੂੰ ਚੱਕਰ ਆ ਗਿਆ ਅਤੇ ਉਹ ਛੱਤ ਤੋਂ ਹੇਠਾਂ ਫਰਸ਼ ’ਤੇ ਡਿੱਗ ਗਈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਲੰਧਰ 'ਚ ਕੰਧ ਸਹਾਰੇ ਬੈਠੇ ਵਿਅਕਤੀ ਦੀ ਮਿਲੀ ਲਾਸ਼

ਪਿੰਡ ਖਾਂਬਰਾ ਦੇ ਮੁਹੱਲਾ ਬਾਜ਼ੀਗਰ ’ਚ ਇਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਤ ’ਚ ਮਿਲੀ ਹੈ। ਥਾਣਾ ਸਦਰ ਦੀ ਉਪ-ਚੌਕੀ ਫਤਿਹਪੁਰ 'ਚ ਤਾਇਨਾਤ ਏ. ਐੱਸ. ਆਈ ਨਰਾਇਣ ਗੌੜ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਦਾ ਮੁਆਇਨਾ ਕੀਤਾ। ਹਾਲਾਂਕਿ ਉਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ’ਤੇ ਕਿਸੇ ਤਰ੍ਹਾਂ ਦੇ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਇਸ ਦੇ ਨਾਲ ਹੀ ਪੁਲਸ ਨੂੰ ਉਸ ਕੋਲੋਂ ਕੋਈ ਪਛਾਣ ਪੱਤਰ ਵੀ ਨਹੀਂ ਮਿਲਿਆ ਹੈ, ਜਿਸ ਕਾਰਨ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਜਾਪਦੀ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਬਲੈਕ ਆਊਟ!  2 ਦਿਨ ਤੋਂ ਬਿਜਲੀ ਬੰਦ, ਪੀਣ ਵਾਲੇ ਪਾਣੀ ਨੂੰ ਵੀ ਤਰਸੇ ਲੋਕ

ਪੁਲਸ ਨੂੰ 15 ਤਾਰੀਖ਼ ਸ਼ਾਮ ਨੂੰ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਪਛਾਣ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਏ. ਐੱਸ. ਆਈ. ਨੇ ਦੱਸਿਆ ਕਿ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਮ੍ਰਿਤਕ ਵਿਅਕਤੀ ਦੀ ਮੌਤ ਗਰਮੀ ਕਾਰਨ ਹੋਈ ਹੈ, ਕਿਉਂਕਿ ਜਿਸ ਕੰਧ ਦੇ ਸਾਹਮਣੇ ਉਸ ਦੀ ਲਾਸ਼ ਮਿਲੀ, ਉਸ ਤੋਂ ਲੱਗਦਾ ਹੈ ਕਿ ਗਰਮੀ ਕਾਰਨ ਉਸ ਦੀ ਹਾਲਤ ਵਿਗੜ ਗਈ ਹੋਵੇਗੀ।

ਇੰਝ ਕਰੋ ਗਰਮੀ ਤੋਂ ਬਚਾਅ

‘ਜਗ ਬਾਣੀ’ ਵੱਲੋਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਸਿਵਲ ਹਸਪਤਾਲ ਵਿਖੇ ਤਾਇਨਾਤ ਸੀਨੀ. ਮੈਡੀਕਲ ਅਫ਼ਸਰ ਡਾ: ਵਰਿੰਦਰ ਕੌਰ ਥਿੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਸਗੋਂ ਸਾਵਧਾਨ ਰਹਿਣਾ ਚਾਹੀਦਾ ਹੈ। ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਲੋਕ ਆਪਣੇ ਘਰਾਂ ਤੋਂ ਘੱਟ ਬਾਹਰ ਨਿਕਲਣ ਤੇ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਸਨਸਕ੍ਰੀਨ ਕਰੀਮ ਲਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ, ਕਿਉਂਕਿ ਤੇਜ਼ ਧੁੱਪ ਕਾਰਨ ਚਮੜੀ ਵੀ ਝੁਲਸ ਜਾਂਦੀ ਹੈ। ਇਸ ਦੇ ਨਾਲ ਹੀ ਛਤਰੀ ਦੀ ਵਰਤੋਂ ਜ਼ਰੂਰ ਕਰੋ ਤੇ ਹਲਕੇ ਰੰਗ ਦੇ ਖੁੱਲ੍ਹੇ ਸੂਤੀ ਕੱਪੜੇ ਪਹਿਨੋ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ 'ਚ ਅਜਿਹੇ ਲੋਕਾਂ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਹਾਲ ਹੀ 'ਚ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਨੇ ਹੀਟ ਸਟ੍ਰੋਕ ਦੇ ਮਰੀਜ਼ ਦੀ ਜਾਨ ਬਚਾਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News