ਪੰਜਾਬ 'ਚ ਵੱਧਣ ਲੱਗਾ ਗਰਮੀ ਦਾ ਕਹਿਰ, ਆਉਂਦੇ ਦਿਨਾਂ 'ਚ ਗਰਮ 'ਲੂ' ਚੱਲਣ ਦੀ ਸੰਭਾਵਨਾ
Saturday, Apr 02, 2022 - 12:07 PM (IST)
ਸ਼ੇਰਪੁਰ (ਅਨੀਸ਼) : ਪੰਜਾਬ ਸਮੇਤ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਗਰਮੀ ਦਾ ਕਹਿਰ ਵੱਧਣ ਲੱਗਿਆ ਹੈ, ਜਿਸ ਨਾਲ ਆਮ ਬੰਦੇ ਦੀ ਜ਼ਿੰਦਗੀ ਦੁੱਭਰ ਹੋਣ ਲੱਗੀ ਹੈ। ਇਸ ਗਰਮੀ ਨੇ ਦੁਪਹਿਰ ਵੇਲੇ ਲੋਕਾਂ ਨੂੰ ਘਰਾਂ ’ਚੋਂ ਬਾਹਰ ਨਾ ਨਿਕਲਣ ਲਈ ਮਜਬੂਰ ਕਰ ਦਿੱਤਾ ਹੈ। ਸੂਬੇ ’ਚ ਬੀਤੇ ਦਿਨ ਤਾਪਮਾਨ 38.21 ਡਿਗਰੀ ਰਿਹਾ ਹੈ। ਮੌਸਮ ਮਹਿਕਮੇ ਅਨੁਸਾਰ ਇਸ ਦੇ ਐਤਵਾਰ ਤੱਕ 40 ਤੋਂ 41 ਡਿਗਰੀ ਹੋਣ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ, ਜਿਸ ਨਾਲ ਅਗਲੇ ਦਿਨਾਂ ’ਚ ਗਰਮੀ ਅਤੇ ਲੂ ਦੇ ਹੋਰ ਵੱਧਣ ਦੀ ਸੰਭਾਵਨਾ ਹੈ। ਮਾਲਵਾ ਖੇਤਰ ’ਚ ਪਿਛਲੇ ਫੱਗਣ ਮਹੀਨੇ ਮੀਂਹ ਨਾ ਪੈਣ ਤੋਂ ਬਾਅਦ ਹੁਣ ਗਰਮੀ ’ਚ ਬੇਹੱਦ ਵਾਧਾ ਹੋ ਗਿਆ ਹੈ, ਜਿਸ ਨਾਲ ਦਿਨ-ਰਾਤ ਘਰਾਂ ’ਚ ਏ. ਸੀ., ਕੂਲਰ ਤੇ ਪੱਖੇ ਚੱਲਣ ਲੱਗੇ ਹਨ।
ਲੋਕਾਂ ਨੂੰ ਦਿਨ ਵੇਲੇ ਦੁੱਗਣੀ ਪਿਆਸ ਲੱਗਣ ਲੱਗੀ ਹੈ ਤੇ ਲੋਕ ਹੁਣ ਠੰਡੀਆਂ ਕੁਲਫ਼ੀਆਂ, ਆਈਸ ਕਰੀਮਾਂ ਤੇ ਹੋਰ ਠੰਡੇ ਪਦਾਰਥ ਛਕਣ ਨੂੰ ਤਰਜ਼ੀਹ ਦੇਣ ਲੱਗੇ ਹਨ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਦਿਨਾਂ ’ਚ ਮੌਸਮ ’ਚ ਤਬਦੀਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰਾਤ ਦਾ ਪਾਰਾ 23 ਤੋਂ 25 ਡਿਗਰੀ ਰਹਿਣ ਲੱਗਿਆ ਹੈ, ਜਦੋਂ ਕਿ ਦਿਨ ਵੇਲੇ ਇਹ ਔਸਤ 38 ਤੋਂ 39 ਡਿਗਰੀ ਦੇ ਦਰਮਿਆਨ ਰਹਿਣ ਲੱਗਿਆ ਹੈ। ਇਸੇ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮ ਲੂ ਤੋਂ ਬਚਣ ਲਈ ਲੋਕ ਵੱਧ ਤੋਂ ਵੱਧ ਪਾਣੀ ਪੀਣ, ਲੱਸੀ ਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਕਰਨ, ਧੁੱਪ ’ਚ ਜਾਣ ਤੋਂ ਗੁਰੇਜ਼ ਕਰਨ, ਛਾਂ ਤੇ ਠੰਢੀ ਥਾਂ ’ਤੇ ਵੱਧ ਤੋਂ ਵੱਧ ਬੈਠਣ ਦੀ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਹਜ਼ਾਰਾਂ ਸਰਕਾਰੀ ਨੌਕਰੀਆਂ ਲਈ ਜਲਦ ਸ਼ੁਰੂ ਹੋਵੇਗੀ ਭਰਤੀ
ਉਨ੍ਹਾਂ ਦੱਸਿਆ ਕਿ ਗਰਮੀਆਂ ’ਚ ਛਤਰੀ ਦੀ ਵਰਤੋਂ ਕਰਨੀ, ਗੱਡੀ ’ਚ ਬੈਠਣ ਸਮੇਂ ਗੱਡੀ ਦਾ ਤਾਪਮਾਨ ਪਹਿਲਾਂ ਨਾਰਮਲ ਕਰਨਾ, ਮੌਸਮ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ, ਜਦੋਂ ਕਿ ਖ਼ਾਸਕਰ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਜਨਾਨੀਆਂ ਨੂੰ ਵੱਧ ਤੋਂ ਵੱਧ ਘਰ ਦੇ ਅੰਦਰ ਰਹਿਣ ਅਤੇ ਖ਼ਾਸ ਕਰ ਕੇ 12 ਵਜੇ ਤੋਂ 3 ਵਜੇ ਤੱਕ ਘਰ ਤੋਂ ਬਾਹਰ ਨਾ ਜਾਣ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ