ਗਰਮੀ ਨੇ ਕੱਢੇ ਵੱਟ ; ਪੰਜਾਬ ਵਿਚ ਵਧੀ ਬਿਜਲੀ ਡਿਮਾਂਡ
Monday, Jun 24, 2019 - 12:55 AM (IST)

ਪਟਿਆਲਾ, (ਜੋਸਨ)-ਪੰਜਾਬ ਵਿਚ ਪਈ ਥੋੜ੍ਹੀ ਜਿਹੀ ਬਾਰਸ਼ ਤੋਂ ਬਾਅਦ ਬਿਜਲੀ ਦੀ ਡਿਮਾਂਡ ਇਕਦਮ ਸਿਖਰਾਂ ਨੂੰ ਪਹੁੰਚ ਗਈ ਹੈ। ਇਸ ਨੇ ਪਾਵਰਕਾਮ ਦੇ ਵੱਟ ਕੱਢ ਦਿੱਤੇ ਹਨ। ਗਰਮੀ ਸ਼ੁਰੂ ਹੁੰਦੇ ਹੀ 1 ਜੂਨ ਨੂੰ ਬਿਜਲੀ ਦੀ ਡਿਮਾਂਡ 1866 ਲੱਖ ਯੂਨਿਟ ਦੇ ਕਰੀਬ ਸੀ। ਜਦੋਂ 13 ਜੂਨ ਨੂੰ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣੀ ਸ਼ੁਰੂ ਕੀਤੀ ਤਾਂ ਇਹ ਡਿਮਾਂਡ ਇਕਦਮ 2500 ਲੱਖ ਯੂਨਿਟ ਦੇ ਕਰੀਬ ਪੁੱਜ ਗਈ ਸੀ। ਹੁਣ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਗਰਮੀ ਨੇ ਪੰਜਾਬ ਵਿਚ ਬਿਜਲੀ ਦੀ ਡਿਮਾਂਡ 2650 ਲੱਖ ਯੂਨਿਟ ਤੋਂ ਵੀ ਉੱਪਰ ਪਹੁੰਚਾ ਦਿੱਤੀ ਹੈ। ਇਹ ਡਿਮਾਂਡ ਇਸ ਸੀਜ਼ਨ ਦੀ ਸਭ ਤੋਂ ਵੱਧ ਹੈ। ਇਸ ਨੇ ਪਾਵਰਕਾਮ ਨੂੰ ਪਸੀਨੇ ਲਿਆ ਦਿੱਤੇ ਹਨ।
ਪਾਵਰਕਾਮ ਇਹ ਦਾਅਵਾ ਕਰ ਰਹੀ ਹੈ ਕਿ ਉਸ ਕੋਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਲਈ ਬਿਜਲੀ ਦੇ ਪੂਰੇ ਪ੍ਰਬੰਧ ਹਨ। ਸ਼ਹਿਰਾਂ ਤੇ ਪਿੰਡਾਂ ਵਿਚ ਬਿਜਲੀ ਦੇ ਅੱਖ-ਮਟੱਕੇ ਤੋਂ ਲੋਕ ਪਰੇਸ਼ਾਨ ਹਨ। ਕਈ ਥਾਵਾਂ ’ਤੇ ਬਿਜਲੀ ਅਤੇ ਫੀਡਰ ਓਵਰਲੋਡ ਚੱਲ ਰਹੇ ਹਨ। ਇਸ ਕਾਰਨ ਲਾਈਨਾਂ ’ਚ ਪਏ ਫਾਲਟਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਪਾਵਰਕਾਮ ਦੇ ਚੇਅਰਮੈਨ ਇੰਜੀਨੀਅਰ ਬਲਦੇਵ ਸਿਘ ਸਰਾਂ ਸੁਚਾਰੂ ਬਿਜਲੀ ਸਪਲਾਈ ਲਈ ਆਪ ਸਾਰੇ ਪੰਜਾਬ ਦੀ ਕਮਾਂਡ ਕਰ ਰਹੇ ਹਨ। ਉਹ ਢਿੱਲਮੱਠ ਕਰਨ ਵਾਲੇ ਅਫਸਰਾਂ ਦੀ ਜਵਾਬ-ਤਲਬੀ ਵੀ ਕਰ ਰਹੇ ਹਨ।
ਪਾਵਰਕਾਮ ਨੇ ਸਾਰੇ ਥਰਮਲ ਪਲਾਂਟ ਚਲਾਏ
ਬਿਜਲੀ ਦੀ ਡਿਮਾਂਡ ਵਧਦੇ ਹੀ ਪਾਵਰਕਾਮ ਨੇ ਆਪਣੇ ਸਾਰੇ ਥਰਮਲ ਪਲਾਂਟ ਚਲਾ ਦਿੱਤੇ ਹਨ। ਇਨ੍ਹਾਂ ਤੋਂ ਪਾਵਰਕਾਮ ਨੂੰ ਅੱਜ 310 ਲੱਖ ਯੂਨਿਟ ਬਿਜਲੀ ਸਪਲਾਈ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਹਾਈਡਰੋ ਪਲਾਟਾਂ ਤੋਂ 191 ਯੂਨਿਟ ਬਿਜਲੀ ਸਪਲਾਈ ਪ੍ਰਾਪਤ ਹੋ ਰਹੀ ਹੈ। ਐੈੱਨ. ਆਰ. ਐੈੱਸ. ਈ. ਤੋਂ 76 ਲੱਖ ਯੂÎਨਿਟ ਤੇ ਬੀ. ਬੀ. ਐੈੱਮ. ਬੀ. ਤੋਂ 173 ਲੱਖ ਯੂਨਿਟ ਬਿਜਲੀ ਸਪਲਾਈ ਪ੍ਰਾਪਤ ਹੋ ਰਹੀ ਹੈ। ਬੈਂਕਿੰਗ ਤੋਂ ਪਾਵਰਕਾਮ ਨੂੰ ਸਿਰਫ ਅੱਜ 10 ਲੱਖ ਯੂÎਨਿਟ ਬਿਜਲੀ ਸਪਲਾਈ ਮਿਲੀ ਹੈ।
1897 ਲੱਖ ਯੂਨਿਟ ਬਿਜਲੀ ਖਰੀਦ ਰਿਹੈ ਪਾਵਰਕਾਮ
ਗਰਮੀ ਤੇ ਪੈਡੀ ਇਸ ਵਾਰ ਪਾਵਰਕਾਮ ਦਾ ਕਚੂੰਮਰ ਕੱਢਣ ਜਾ ਰਹੀ ਹੈ। ਪਾਵਰਕਾਮ ਨੇ ਇਸ ਸੀਜ਼ਨ ’ਚ ਲੋਕਾਂ ਨੂੰ ਬਿਜਲੀ ਸਪਲਾਈ ਦੇਣ ਲਈ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ ਹੈ। ਪਾਵਰਕਾਮ ਇਸ ਵਾਰ ਬਿਜਲੀ ਦੀ ਖਰੀਦ ਵੀ ਵੱਡੇ ਪੱਧਰ ’ਤੇ ਕਰ ਰਿਹਾ ਹੈ। ਅੱਜ ਇਸ ਨੇ 1897 ਲੱਖ ਯੂਨਿਟ ਬਿਜਲੀ ਦੀ ਖਰੀਦ ਬਾਹਰੋਂ ਕੀਤੀ ਹੈ, ਜੋ ਕਿ ਬਹੁਤ ਹੀ ਮੀਹਿੰਗੀ ਪੈ ਰਹੀ ਹੈ। ਪਾਵਰਕਾਮ ਦੇ ਸੂਤਰਾਂ ਅਨੁਸਾਰ ਹਰ ਰੋਜ਼ ਲਗਭਗ ਕਰੋਡ਼ਾਂ ਰੁਪਏ ਦੀ ਬਿਜਲੀ ਬਾਹਰੋਂ ਖਰੀਦੀ ਜਾ ਰਹੀ ਹੈ।
ਬਿਜਲੀ ਕੱਟ ਨਹੀਂ ਲਾਵਾਂਗੇ : ਆਰ. ਪੀ. ਪਾਂਡਵ
ਪਾਵਰਕਾਮ ਦੇ ਸੀਨੀ. ਡਾਇਰੈਕਟਰ ਆਰ. ਪੀ. ਪਾਂਡਵ ਨੇ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਵਿਚ ਕੋਈ ਵੀ ਬਿਜਲੀ ਕੱਟ ਨਹੀਂ ਲਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਬੇਸ਼ੱਕ ਡਿਮਾਂਡ ਸਿਖਰਾਂ ਨੂੰ ਛੂਹ ਰਹੀ ਹੈ, ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਡੇ ਕੋਲ ਪ੍ਰਬੰਧ ਪੂਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਵੀ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਇੰਡਸਟਰੀ ’ਤੇ ਵੀ ਕੋਈ ਵੀ ਬਿਜਲੀ ਕੱਟ ਨਹੀਂ ਲਾਇਆ ਜਾ ਰਿਹਾ ਹੈ। ਅਸੀਂ ਲੋਕਾਂ ਅਤੇ ਕਿਸਾਨਾਂ ਨਾਲ ਵਾਅਦਾ ਕਰਦੇ ਹਾਂ ਕਿ ਉਨ੍ਹਾਂ ਨੂੰ ਬਿਜਲੀ ਸਪਲਾਈ ਪੂਰੀ ਮਿਲੇਗੀ।