ਸਿਹਤ ਮੰਤਰੀ ਜੌੜਾਮਾਜਰਾ ਨੇ ਆਮ ਆਦਮੀ ਕਲੀਨਿਕ ਬਸਿਆਲਾ ਦਾ ਕੀਤਾ ਉਦਘਾਟਨ

Monday, Aug 15, 2022 - 10:12 PM (IST)

ਸਿਹਤ ਮੰਤਰੀ ਜੌੜਾਮਾਜਰਾ ਨੇ ਆਮ ਆਦਮੀ ਕਲੀਨਿਕ ਬਸਿਆਲਾ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ (ਘੁੰਮਣ) : ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਕ੍ਰਾਂਤੀਕਾਰੀ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੁਵਿਧਾਵਾਂ ਦੇਣ ਲਈ ਸਿਹਤ ਵਿਭਾਗ ਵਚਨਬੱਧ ਹੈ ਅਤੇ ਆਉਣ ਵਾਲੇ ਦਿਨਾਂ ’ਚ ਸਿਹਤ ਦੇ ਖੇਤਰ ਵਿਚ ਪੂਰੇ ਸੂਬੇ ਵਿਚ ਲੋਕਾਂ ਨੂੰ ਵੱਡੇ ਪੱਧਰ ’ਤੇ ਸਾਕਾਰਾਤਮਕ ਬਦਲਾਅ ਦੇਖਣ ਨੂੰ ਮਿਲਣਗੇ। ਉਹ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ  ਜੈ ਕ੍ਰਿਸ਼ਨ ਸਿੰਘ ਰੌੜੀ ਦੀ ਹਾਜ਼ਰੀ ਵਿਚ ਹੁਸ਼ਿਆਰਪੁਰ ਦੇ ਬਲਾਕ ਪੋਸੀ ਅਧੀਨ ਆਉਂਦੇ ਪਿੰਡ ਬਸਿਆਲਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਸਿਹਤ ਮੰਤਰੀ ਦੇ ਸਨਮਾਨ ਵਿਚ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਮਹਾਜਨ ਅਤੇ ਐੱਸ. ਡੀ. ਐੱਮ. ਸ਼ਿਵ ਰਾਜ ਸਿੰਘ ਬੱਲ ਵੀ ਮੌਜੂਦ ਸਨ। ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਮਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਕਾਰਨ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਆਮ ਆਦਮੀ ਕਲੀਨਿਕ ਦਾ ਜਾਇਜ਼ਾ ਲੈਣ ਦੌਰਾਨ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ’ਤੇ ਸੂਬੇ ਵਿਚ 75 ਆਮ ਆਦਮੀ ਕਲੀਨਿਕ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ।

ਇਹ ਵੀ ਪੜ੍ਹੋ : HC ’ਚ ਜੱਜਾਂ ਦੀਆਂ ਨਵੀਆਂ ਨਿਯੁਕਤੀਆਂ ’ਤੇ ਸੁਖਬੀਰ ਬਾਦਲ ਨੇ ਪ੍ਰਗਟਾਈ ਹੈਰਾਨੀ, PMO ਨੂੰ ਕੀਤੀ ਇਹ ਅਪੀਲ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 8 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿਨ੍ਹਾਂ ’ਚੋਂ ਤਿੰਨ ਆਮ ਆਦਮੀ ਕਲੀਨਿਕਾਂ ਦਾ ਅੱਜ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਬਸਿਆਲਾ ਤੋਂ ਇਲਾਵਾ ਆਮ ਆਦਮੀ ਕਲੀਨਿਕ ਬਹਾਦਰਪੁਰ (ਹੁਸ਼ਿਆਰਪੁਰ) ਦਾ ਉਦਘਾਟਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਕਲੀਨਿਕ ਅਹੀਆਪੁਰ (ਦਸੂਹਾ) ਦਾ ਉਦਘਾਟਨ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ’ਚ ਜ਼ਿਲ੍ਹਾ ਵਾਸੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ’ਚ  ਓ. ਪੀ. ਡੀ. ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ ਵੀ ਸ਼ਾਮਲ ਹੋਣਗੀਆਂ। ਇਸ ਤੋਂ ਇਲਾਵਾ ਲੋਕਾਂ ਦੇ 41 ਤਰ੍ਹਾਂ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਸਿਹਤ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਸੂਬੇ ’ਚ 16 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 31 ਅਗਸਤ ਤੱਕ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ’ਚ ਦਵਾਈਆਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ, ਇਸ ਦੇ ਨਾਲ ਹੀ ਹਸਪਤਾਲਾਂ ’ਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਕਮੀ ਨੂੰ ਜਲਦੀ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ’ਤੇ ਬਿਲ ਗੇਟਸ ਵੱਲੋਂ PM ਮੋਦੀ ਦੀ ਤਾਰੀਫ਼, 200 ਕਰੋੜ ਟੀਕਾਕਰਨ ਦੀ ਪ੍ਰਾਪਤੀ ’ਤੇ ਦਿੱਤੀ ਵਧਾਈ

ਚੇਤਨ ਸਿੰਘ ਜੌੜਾਮਾਜਰਾ ਨੇ ਐੱਨ. ਆਰ. ਆਈ. ਸਵ. ਕਰਤਾਰ ਸਿੰਘ ਬਸਿਆਲਾ ਪਰਿਵਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪਿੰਡ ਵਿਚ ਆਮ ਆਦਮੀ ਕਲੀਨਿਕ ਬਣਾ ਕੇ ਪੰਜਾਬ ਸਰਕਾਰ ਨੂੰ ਸੌਂਪੀ ਹੈ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼ ਦਾ ਸੂਬੇ ਦੇ ਵਿਕਾਸ ਵਿਚ ਬਹੁਤ ਅਹਿਮ ਯੋਗਦਾਨ ਹੈ ਅਤੇ ਉਹ ਆਸ ਕਰਦੇ ਹਨ ਕਿ ਐੱਨ. ਆਰ. ਆਈਜ਼ ਸੂਬੇ ਦੇ ਵਿਕਾਸ ’ਚ ਇਸੇ ਤਰ੍ਹਾਂ ਆਪਣਾ ਯੋਗਦਾਨ ਦਿੰਦੇ ਰਹਿਣਗੇ। ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਸਿਹਤ ਦੇ ਖੇਤਰ ਵਿਚ ਬਿਹਤਰੀਨ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਪਿੰਡ ਬਸਿਆਲਾ ’ਚ ਖੁੱਲ੍ਹੇ ਆਮ ਆਦਮੀ ਕਲੀਨਿਕ ਨਾਲ ਇਲਾਕੇ ਦੇ ਲੋਕਾਂ ਨੂੰ ਗੁਣਵੱਤਾਪੂਰਨ ਸਿਹਤ ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਰਣਜੀਤ ਸਿੰਘ ਘੋਤਰਾ, ਸਿਵਲ ਸਰਜਨ ਡਾ. ਅਮਰਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਡਾ. ਹਰਵਿੰਦਰ ਸਿੰਘ ਬਖਸ਼ੀ, ਹਰਮਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

 


author

Manoj

Content Editor

Related News