ਸਿਹਤ ਮੰਤਰੀ ਨੇ ਸਿਮਰਜੀਤ ਸਿੰਘ ਬੈਂਸ ਵਿਰੁੱਧ ਕਰਵਾਇਆ ਮਾਣਹਾਨੀ ਦਾ ਕੇਸ

Thursday, Aug 02, 2018 - 10:54 AM (IST)

ਪਟਿਆਲਾ (ਰਾਜੇਸ਼)— ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਪਟਿਆਲਾ ਵਿਚ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨਿਧੀ ਸੈਣੀ ਦੀ ਕੋਰਟ ਵਿਚ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਪਣੇ ਵਕੀਲ ਐਡਵੋਕੇਟ ਗੁਰਪ੍ਰੀਤ ਭਸੀਨ ਨਾਲ ਅਤੇ ਹੋਰ ਸਮਰਥਕਾਂ ਨਾਲ ਮਾਣਯੋਗ ਅਦਾਲਤ ਵਿਚ ਪਹੁੰਚੇ ਅਤੇ ਵਿਧਾਇਕ ਬੈਂਸ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ। ਮਾਣਯੋਗ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 24 ਅਗਸਤ 'ਤੇ ਪਾ ਦਿੱਤੀ ਹੈ। ਅਦਾਲਤ ਤੋਂ ਬਾਹਰ ਆ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਵਿਧਾਇਕ ਸਿਰਮਜੀਤ ਬੈਂਸ ਵੱਲੋਂ ਉਨ੍ਹਾਂ ਖਿਲਾਫ ਝੂਠੇ ਦੋਸ਼ ਲਾਏ ਸਨ। ਉਹ ਸਰਾਸਰ ਗਲਤ ਹਨ। ਜਿਹੜੀ ਕੰਪਨੀ ਨਾਲ ਉਸ ਦਾ ਕੋਈ ਸਬੰਧ ਨਹੀਂ, ਬਿਨਾਂ ਕਿਸੇ ਆਧਾਰ ਦੇ ਸਸਤੀ ਪਬਲੀਸਿਟੀ ਲਈ ਅਜਿਹਾ ਕਰ ਕੇ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ 'ਤੇ ਦਾਗ ਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨਾਲ ਸੰਤ ਬਾਂਗਾ, ਐਡਵੋਕੇਟ ਸ਼ੁਕਲਾ ਤੇ ਹੋਰ ਸਮਰਥਕ ਵੀ ਸਨ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਵਿਧਾਇਕ ਬੈਂਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਾਰੇ ਤੱਥਾਂ, ਅੰਕੜਿਆਂ ਅਤੇ ਦਸਤਾਵੇਜ਼ ਲਾ ਕੇ ਨਕਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਹਰ ਤੱਥ ਨੂੰ ਸਾਫ ਕੀਤਾ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਵਿਧਾਇਕ ਬੈਂਸ ਨੇ ਬਾਕਾਇਦਾ ਇਕ ਕੰਪਨੀ ਦਾ ਨਾਂ ਲੈ ਕੇ ਦੋਸ਼ ਲਾਏ ਸਨ ਕਿ ਇਹ ਬ੍ਰਹਮ ਮਹਿੰਦਰਾ ਦੀ ਹੈ ਤੇ ਉਨ੍ਹਾਂ ਦੇ ਕਹਿਣ 'ਤੇ ਦਵਾਈਆਂ ਸਪਲਾਈ ਕਰਦੀ ਹੈ। ਉਸੇ ਦਿਨ ਕੈਬਨਿਟ ਮੰਤਰੀ ਨੇ ਵਿਧਾਇਕ ਬੈਂਸ ਖਿਲਾਫ ਮਾਣਹਾਨੀ ਦਾ ਦਾਆਵਾ ਕਰਨ ਦਾ ਐਲਾਨ ਕੀਤਾ ਸੀ। ਅੱਜ ਪਟਿਆਲਾ ਵਿਖੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।


Related News