ਪੰਜਾਬ ਵਿਚ ਡਾਕਟਰਾਂ ਦੀ ਕੋਈ ਕਮੀ ਨਹੀਂ ਰਹਿਣ ਦੇਵਾਂਗੇ : ਬ੍ਰਹਮ ਮਹਿੰਦਰਾ
Wednesday, Nov 08, 2017 - 03:04 PM (IST)

ਮਾਨਸਾ (ਸੰਦੀਪ ਮਿੱਤਲ) - ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਡਾਕਟਰਾਂ ਦੀ ਕੋਈ ਘਾਟ ਨਹੀਂ ਰਹਿਣ ਦੇਵਾਂਗੇ ਤਾਂ ਕਿ ਹਰ ਗਰੀਬ ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ ਤਸੱਲੀਪੂਰਬਕ ਕਰਵਾ ਸਕਦੇ ਹਨ। ਅੱਜ ਇੱਥੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਓ ਲਈ ਮੁਫ਼ਤ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਟੀਕਾ 10 ਨਵੰਬਰ ਤੱਕ ਵੱਖ ਵੱਖ ਹਸਪਤਾਲਾਂ 'ਚ ਡਾਕਟਰਾਂ ਦੀ ਦੇਖ ਰੇਖ ਹੇਠ ਲਗਾਇਆ ਜਾਵੇਗਾ। ਇਸਦੇ ਨਾਲ ਹੀ 9 ਨਵੰਬਰ ਨੂੰ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਵਿਚ ਪੜ੍ਹਦੀਆਂ ਲੜਕੀਆਂ ਨੂੰ ਟੀਕਾਕਰਨ ਦੀ ਪਹਿਲੀ ਡੋਜ਼ ਦਿੱਤੀ ਜਾਵੇਗੀ। 10 ਨਵੰਬਰ ਨੂੰ ਪ੍ਰਾਈਵੇਟ ਸਕੂਲਾਂ ਦੀਆਂ ਲੜਕੀਆਂ ਨੂੰ ਇਹ ਡੋਜ਼ ਦਿੱਤੀ ਜਾਵੇਗੀ। ਇਹ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ। ਇਸ ਮੌਕੇ ਹਲਕਾ ਸੇਵਾਦਾਰ ਡਾ. ਮੰਜੂ ਬਾਂਸਲ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਅਫ਼ਸਰ ਮੌਜੂਦ ਸਨ।