ਸਿਹਤ ਵਿਭਾਗ ਵੱਲੋਂ ਹੋਟਲਾਂ ਤੇ ਢਾਬਿਆਂ ''ਤੇ ਛਾਪੇਮਾਰੀ

Wednesday, Aug 09, 2017 - 04:23 AM (IST)

ਸਿਹਤ ਵਿਭਾਗ ਵੱਲੋਂ ਹੋਟਲਾਂ ਤੇ ਢਾਬਿਆਂ ''ਤੇ ਛਾਪੇਮਾਰੀ

ਅੰਮ੍ਰਿਤਸਰ,   (ਦਲਜੀਤ)-  ਸਿਹਤ ਵਿਭਾਗ ਨੇ ਅੱਜ ਸ਼ਹਿਰ ਦੇ ਪ੍ਰਸਿੱਧ ਹੋਟਲਾਂ ਅਤੇ ਢਾਬਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਜਿਥੇ ਕਈ ਥਾਵਾਂ 'ਤੇ ਭਾਰੀ ਊਣਤਾਈਆਂ ਪਾਈਆਂ, ਉਥੇ 10 ਥਾਵਾਂ 'ਤੇ ਸੈਂਪਲ ਵੀ ਸੀਲ ਕੀਤੇ। ਵਿਭਾਗ ਵੱਲੋਂ ਊਣਤਾਈਆਂ ਵਾਲੇ ਢਾਬਿਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ 'ਚ ਅੱਜ ਫੂਡ ਇੰਸਪੈਕਟਰ ਮੈਡਮ ਰਜਨੀ ਤੇ ਜਤਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਟੀਮ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਸਥਿਤ ਭਰਾਵਾਂ ਦਾ ਢਾਬਾ ਤੇ ਦਿ ਬ੍ਰਦਰਜ਼ ਵਿਚ ਛਾਪੇਮਾਰੀ ਕੀਤੀ ਗਈ। ਟੀਮ ਨੇ ਇਸ ਦੌਰਾਨ ਉਕਤ ਢਾਬਿਆਂ ਤੋਂ ਦਹੀਂ, ਪਨੀਰ, ਆਲੂ ਮਟਰ, ਚਨਾ ਮਸਾਲਾ, ਦਾਲ, ਆਈਸਕ੍ਰੀਮ ਆਦਿ ਦੇ ਸੈਂਪਲ ਭਰੇ। ਜ਼ਿਲਾ ਸਿਹਤ ਅਫਸਰ ਡਾ. ਭਾਗੋਵਾਲੀਆ ਨੇ ਦੱਸਿਆ ਕਿ ਉਕਤ ਢਾਬਿਆਂ ਦੀਆਂ ਰਸੋਈਆਂ 'ਚ ਸਾਫ-ਸਫਾਈ ਦਾ ਵੀ ਢੁੱਕਵਾਂ ਪ੍ਰਬੰਧ ਨਹੀਂ ਸੀ। ਖਾਣੇ 'ਚ ਸ਼ੁੱਧ ਫਿਲਟਰ ਪਾਣੀ ਵੀ ਨਹੀਂ ਵਰਤਿਆ ਜਾ ਰਿਹਾ ਸੀ। ਰਸੋਈ 'ਚ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਨੇ ਵੀ ਨਾ ਤਾਂ ਟੋਪੀਆਂ ਤੇ ਨਾ ਹੀ ਪਲਾਸਟਿਕ ਦੇ ਬੂਟ ਪਾਏ ਹੋਏ ਸਨ। ਉਕਤ ਢਾਬਿਆਂ ਨੂੰ ਨੋਟਿਸ ਜਾਰੀ ਕਰ ਕੇ ਕੰਮਕਾਜ ਠੀਕ ਕਰਨ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਕੈਰੋਂ ਮਾਰਕੀਟ ਸਥਿਤ ਰਮਾਡਾ ਹੋਟਲ 'ਚ ਚੈਕਿੰਗ ਕੀਤੀ ਗਈ। ਹੋਟਲ ਦੀ ਰਸੋਈ 'ਚੋਂ ਖੋਆ ਅਤੇ ਵੇਸਨ ਦੇ ਸੈਂਪਲ ਭਰੇ ਗਏ ਹਨ। ਸੈਂਪਲਾਂ ਨੂੰ ਸੀਲ ਕਰ ਕੇ ਖਰੜ ਲੈਬਾਰਟਰੀ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ. ਭਾਗੋਵਾਲੀਆ ਨੇ ਕਿਹਾ ਕਿ ਜ਼ਿਲੇ 'ਚ ਮਿਲਾਵਟਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਾੜੇ ਖਾਧ ਪਦਾਰਥ ਵੇਚਣ ਜਾਂ ਬਣਾਉਣ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਛਾਪੇਮਾਰੀ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫੂਡ ਸੇਫਟੀ ਐਕਟ ਪੂਰੀ ਤਰ੍ਹਾਂ ਜ਼ਿਲੇ 'ਚ ਲਾਗੂ ਹੋ ਗਿਆ ਹੈ। ਛੋਟੇ ਤੋਂ ਵੱਡਾ ਦੁਕਾਨਦਾਰ ਇਸ ਘੇਰੇ ਵਿਚ ਆਉਂਦਾ ਹੈ। ਸਭ ਨੂੰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣੀ ਐਕਟ ਅਨੁਸਾਰ ਲਾਜ਼ਮੀ ਹੈ। ਡਾ. ਭਾਗੋਵਾਲੀਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਛਾਪੇਮਾਰੀ ਮੁਹਿੰਮ ਤੇਜ਼ ਕੀਤੀ ਜਾਵੇਗੀ। 


Related News