ਪੰਜਾਬ 'ਚ ਸਿਹਤ ਵਿਭਾਗ ਦੀ ਤਿਆਰੀ, ਅੰਮ੍ਰਿਤਸਰ 'ਚ ਮਰੀਜ਼ਾਂ ਲਈ ਖੁੱਲ੍ਹੇ ਵਿਸ਼ੇਸ਼ ਕਲੀਨਿਕ
Saturday, Oct 10, 2026 - 11:37 AM (IST)
ਅੰਮ੍ਰਿਤਸਰ (ਦਲਜੀਤ)- ਹਵਾ ਪ੍ਰਦੂਸ਼ਣ ਕਾਰਨ ਸਾਹ ਅਤੇ ਛਾਤੀ ਨਾਲ ਸਬੰਧਤ ਬੀਮਾਰੀਆਂ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਲਈ ਵਿਸ਼ੇਸ਼ ਛਾਤੀ ਰੋਗ ਕਲੀਨਿਕ ਸ਼ੁਰੂ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਦੇ ਜ਼ਿਲਾ ਪੱਧਰੀ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਅਧੀਨ ਚੱਲ ਰਹੇ ਸਰਕਾਰੀ ਟੀ. ਬੀ. ਹਸਪਤਾਲ ਵਿਖੇ ਇਹ ਕਲੀਨਿਕ ਚਲਾਏ ਜਾਣਗੇ। ਵਿਭਾਗ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ 12 ਅਕਤੂਬਰ ਤੋਂ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ- ਲਓ ਜੀ ਪੰਜਾਬ ’ਚੋਂ NO.1 'ਤੇ ਅੰਮ੍ਰਿਤਸਰ, ਪਰਾਲੀ ਸਾੜਨ ਦੇ ਅੰਕੜਿਆਂ ਨੇੇ ਤੋੜਿਆ ਰਿਕਾਰਡ, 2 ਹਫ਼ਤਿਆਂ 'ਚ...
ਜਾਣਕਾਰੀ ਅਨੁਸਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਵਧੀਕ ਸਕੱਤਰ ਡਾ. ਰਾਕੇਸ਼ ਗੁਪਤਾ ਵੱਲੋਂ ਜਾਰੀ ਪੱਤਰ ’ਚ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਕਾਰਨ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨਾਲ ਨਜਿੱਠਣ ਲਈ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਰਾਸ਼ਟਰੀ ਰੋਗ ਕੰਟਰੋਲ ਕੇਂਦਰ ਰਾਹੀਂ ਚਲਾਏ ਜਾ ਰਹੇ ਰਾਸ਼ਟਰੀ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਤਹਿਤ ਇਹ ਪਹਿਲਕਦਮੀ ਕੀਤੀ ਗਈ ਹੈ। ਯੋਜਨਾ ਤਹਿਤ ਹਰ ਸਾਲ ਸਤੰਬਰ ਤੋਂ ਫਰਵਰੀ ਤੱਕ ਛਾਤੀ ਰੋਗ ਕਲੀਨਿਕ ਚਲਾਉਣ ਦੀ ਵਿਵਸਥਾ ਕੀਤੀ ਗਈ ਹੈ। ।
ਇਹ ਵੀ ਪੜ੍ਹੋ- ਪਾਸਟਰ ਬਲਵਿੰਦਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਸਾਹਮਣੇ ਆਇਆ ਪੂਰਾ ਸੱਚ
ਸਿਰਫ਼ ਕਲੀਨਿਕ ਖੋਲ੍ਹਣ ਨਾਲ ਨਹੀਂ, ਸਟਾਫ਼ ਤੇ ਸਾਜ਼ੋ-ਸਾਮਾਨ ਵੀ ਹੋਵੇਗਾ ਅਹਿਮ
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਲੀਨਿਕਾਂ ਦੇ ਸੁਚਾਰੂ ਸੰਚਾਲਨ ਲਈ ਮੌਜੂਦਾ ਸਿਹਤ ਸਾਧਨਾਂ ਦੀ ਵਰਤੋਂ ਕਰਦਿਆਂ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤਹਿਤ ਕਲੀਨਿਕ ਲਈ ਢੁੱਕਵੀਂ ਥਾਂ, ਸਬੰਧਤ ਸਟਾਫ਼ ਦੀ ਤਾਇਨਾਤੀ, ਸੂਚਨਾ ਬੋਰਡ, ਲੋੜੀਂਦੇ ਸਾਜ਼ੋ-ਸਾਮਾਨ, ਦਵਾਈਆਂ ਅਤੇ ਹੋਰ ਸਮੱਗਰੀ ਦਾ ਪ੍ਰਬੰਧ ਕਰਨਾ ਹੋਵੇਗਾ। ਇਸ ਤੋਂ ਇਲਾਵਾ ਮਾਹਿਰ ਡਾਕਟਰਾਂ, ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ, ਸਲਾਹਕਾਰਾਂ ਅਤੇ ਅੰਕੜੇ ਦਰਜ ਕਰਨ ਵਾਲੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਸਿਖਲਾਈ ਦੇਣ ਦੀ ਵਿਵਸਥਾ ਵੀ ਕੀਤੀ ਗਈ ਹੈ। ਹਰੇਕ ਕਰਮਚਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ, ਤਾਂ ਜੋ ਮਰੀਜ਼ ਦੀ ਜਾਂਚ ਤੋਂ ਲੈ ਕੇ ਇਲਾਜ ਅਤੇ ਰਿਕਾਰਡ ਰੱਖਣ ਤੱਕ ਦੀ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਸਕੇ।
ਇਹ ਵੀ ਪੜ੍ਹੋ- ਜਥੇਦਾਰ ਨਾਲ ਮੁਲਾਕਾਤ ਕਰਨ ਸ੍ਰੀ ਅਕਾਲ ਤਖ਼ਤ ਸਕੱਤਰੇਤ ਪਹੁੰਚੀ ਬੀਬੀ ਰੂਪ ਕੌਰ, ਦਿੱਤਾ ਵੱਡਾ ਬਿਆਨ
ਟੀ. ਬੀ. ਦੇ ਮਰੀਜ਼ਾਂ ਦੀ ਪਛਾਣ ਤੇ ਇਲਾਜ ਲਈ ਵੀ ਹੋਵੇਗਾ ਤਾਲਮੇਲ
ਛਾਤੀ ਰੋਗ ਕਲੀਨਿਕਾਂ ਨੂੰ ਟੀ. ਬੀ. ਇਕਾਈਆਂ, ਤੰਬਾਕੂ ਛੁਡਾਊ ਕੇਂਦਰਾਂ ਅਤੇ ਗੈਰ-ਸੰਚਾਰੀ ਰੋਗਾਂ ਦੇ ਕਲੀਨਿਕਾਂ ਨਾਲ ਜੋੜਨ ਦੀ ਯੋਜਨਾ ਵੀ ਕੇਂਦਰੀ ਹਦਾਇਤਾਂ ਦਾ ਅਹਿਮ ਹਿੱਸਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜੇਕਰ ਕਿਸੇ ਮਰੀਜ਼ ਨੂੰ ਛਾਤੀ ਦੀ ਬੀਮਾਰੀ ਦੇ ਨਾਲ ਕਿਸੇ ਹੋਰ ਸਿਹਤ ਸੇਵਾ ਦੀ ਲੋੜ ਹੋਵੇ ਤਾਂ ਉਸ ਨੂੰ ਸਹੀ ਕੇਂਦਰ ਤੱਕ ਪਹੁੰਚਾਇਆ ਜਾ ਸਕੇ। ਲਗਾਤਾਰ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਵਰਗੇ ਲੱਛਣ ਕਈ ਬੀਮਾਰੀਆਂ ਨਾਲ ਸਬੰਧਤ ਹੋ ਸਕਦੇ ਹਨ। ਇਸ ਲਈ ਮਰੀਜ਼ ਦੀ ਸਹੀ ਜਾਂਚ, ਲੋੜੀਂਦੇ ਟੈਸਟ ਅਤੇ ਸਮੇਂ ਸਿਰ ਅਗਲੇਰੇ ਇਲਾਜ ਲਈ ਰੈਫ਼ਰ ਕਰਨ ਦੀ ਵਿਵਸਥਾ ਮਹੱਤਵਪੂਰਨ ਹੋਵੇਗੀ।
ਇਹ ਵੀ ਪੜ੍ਹੋ- ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ
ਹਰ 15 ਦਿਨਾਂ ਬਾਅਦ ਹੋਵੇਗੀ ਪ੍ਰਗਤੀ ਦੀ ਸਮੀਖਿਆ
ਯੋਜਨਾ ਨੂੰ ਲਾਗੂ ਕਰਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਦੀ ਪਛਾਣ ਅਤੇ ਸਮੇਂ ਸਿਰ ਹੱਲ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਹਰ 15 ਦਿਨਾਂ ਬਾਅਦ ਵੀਡੀਓ ਕਾਨਫਰੰਸ ਰਾਹੀਂ ਸਮੀਖਿਆ ਕੀਤੀ ਜਾਵੇਗੀ। ਇਸ ਦੌਰਾਨ ਕਲੀਨਿਕਾਂ ਦੇ ਸੰਚਾਲਨ, ਸਿਹਤ ਸੇਵਾਵਾਂ ਦੀ ਗੁਣਵੱਤਾ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ।
ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣਾ ਸਾਡੀ ਪਹਿਲ : ਸਿਵਲ ਸਰਜਨ
ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਕਾਰਨ ਸਾਹ ਅਤੇ ਛਾਤੀ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਛਾਤੀ ਰੋਗ ਕਲੀਨਿਕਾਂ ਦੇ ਸੁਚਾਰੂ ਸੰਚਾਲਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਡਾਕਟਰੀ ਸਲਾਹ ਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ।
ਟੀ. ਬੀ. ਦੀ ਸਮੇਂ ਸਿਰ ਪਛਾਣ ਅਤੇ ਇਲਾਜ ਲਈ ਤਾਲਮੇਲ ਜ਼ਰੂਰੀ : ਡਾ. ਵਿਜੇ ਗੋਤਵਾਲ
ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਕਿਹਾ ਕਿ ਲਗਾਤਾਰ ਖੰਘ, ਸਾਹ ਲੈਣ ’ਚ ਤਕਲੀਫ਼ ਅਤੇ ਛਾਤੀ ਨਾਲ ਸਬੰਧਤ ਹੋਰ ਲੱਛਣਾਂ ਵਾਲੇ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਬਹੁਤ ਅਹਿਮ ਹੈ। ਛਾਤੀ ਰੋਗ ਕਲੀਨਿਕਾਂ ਅਤੇ ਟੀ. ਬੀ. ਸੇਵਾਵਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਸ਼ੱਕੀ ਮਰੀਜ਼ਾਂ ਨੂੰ ਲੋੜੀਂਦੀ ਜਾਂਚ ਅਤੇ ਅਗਲੇਰੇ ਇਲਾਜ ਲਈ ਸਬੰਧਤ ਕੇਂਦਰ ਤੱਕ ਪਹੁੰਚਾਉਣ ’ਚ ਮਦਦ ਮਿਲ ਸਕਦੀ ਹੈ। ਇਸ ਨਾਲ ਮਰੀਜ਼ਾਂ ਦੀ ਦੇਖਭਾਲ ਦੀ ਲਗਾਤਾਰਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਮਰੀਜ਼ਾਂ ਨੂੰ ਇੱਕੋ ਥਾਂ ’ਤੇ ਜਾਂਚ ਤੇ ਸਹੀ ਸਲਾਹ ਮਿਲਣਾ ਅਹਿਮ : ਡਾ. ਗੁਨੀਤ
ਟੀ. ਬੀ. ਹਸਪਤਾਲ ਦੇ ਮੁਖੀ ਡਾ. ਗੁਨੀਤ ਨੇ ਕਿਹਾ ਕਿ ਛਾਤੀ ਅਤੇ ਸਾਹ ਨਾਲ ਸਬੰਧਤ ਬੀਮਾਰੀਆਂ ਦੇ ਮਰੀਜ਼ਾਂ ਲਈ ਸਮੇਂ ਸਿਰ ਜਾਂਚ, ਸਹੀ ਬੀਮਾਰੀ ਦੀ ਪਛਾਣ ਅਤੇ ਲੋੜ ਅਨੁਸਾਰ ਇਲਾਜ ਬਹੁਤ ਜ਼ਰੂਰੀ ਹੈ। ਛਾਤੀ ਰੋਗ ਕਲੀਨਿਕਾਂ ਰਾਹੀਂ ਸਬੰਧਤ ਸਿਹਤ ਇਕਾਈਆਂ ਵਿਚਕਾਰ ਤਾਲਮੇਲ ਵਧਣ ਨਾਲ ਮਰੀਜ਼ਾਂ ਨੂੰ ਢੁੱਕਵੀਂ ਸਿਹਤ ਸੇਵਾ ਤੱਕ ਪਹੁੰਚਣ ’ਚ ਸਹੂਲਤ ਮਿਲੇਗੀ। ਉਨ੍ਹਾਂ ਮਰੀਜ਼ਾਂ ਨੂੰ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਮੰਤਰਾਲਾ ਦਾ ਫੈਸਲਾ ਸ਼ਲਾਘਾਯੋਗ, ਮਰੀਜ਼ਾਂ ਨੂੰ ਹੋਵੇਗਾ ਲਾਭ : ਡਾ. ਨਰੇਸ਼
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੁਲਾਰੇ ਅਤੇ ਸਾਬਕਾ ਜ਼ਿਲਾ ਟੀ. ਬੀ. ਅਧਿਕਾਰੀ ਡਾ. ਨਰੇਸ਼ ਨੇ ਕਿਹਾ ਕਿ ਮੰਤਰਾਲਾ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ। ਝੋਨੇ ਦੀ ਫ਼ਸਲ ਦੀ ਕਟਾਈ ਦੇ ਸੀਜ਼ਨ ਅਤੇ ਮੌਸਮ ’ਚ ਤਬਦੀਲੀ ਦੇ ਨਾਲ ਹਵਾ ਪ੍ਰਦੂਸ਼ਣ ਵਧਣ ਕਾਰਨ ਸਾਹ ਦੇ ਮਰੀਜ਼ਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਸਮੇਂ ਸਾਹ ਦੇ ਰੋਗੀਆਂ ਦੀ ਗਿਣਤੀ ਵਿਚ ਵੀ ਵਾਧਾ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਛਾਤੀ ਰੋਗ ਕਲੀਨਿਕ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਸਹੂਲਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
