ਸਿਹਤ ਵਿਭਾਗ ਨੇ ਮਾਵਾਂ ਦੀ ਮੌਤ ਦੀ ਸਮੀਖਿਆ ਲਈ ਕਰਵਾਈ ਰਾਜ ਪੱਧਰੀ ਵਰਕਸ਼ਾਪ

Saturday, Jun 29, 2024 - 12:05 PM (IST)

ਚੰਡੀਗੜ੍ਹ (ਮਨਜੋਤ ) : ਸਿਹਤ ਵਿਭਾਗ ਵੱਲੋਂ ਮਾਵਾਂ ਦੀ ਮੌਤ ਦੀ ਸਮੀਖਿਆ ਬਾਰੇ ਇਕ ਰੋਜ਼ਾ ਵਰਕਸ਼ਾਪ ਲਗਵਾਈ ਗਈ। ਇਸ ਮੌਕੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿਹਤ ਤੇ ਪਰਿਵਾਰ ਭਲਾਈ ਅਫ਼ਸਰ, ਐੱਸ.ਐੱਮ.ਓ. ਤੇ ਗਾਇਨੀਕੋਲੋਜਿਸਟ ਨੇ ਹਿੱਸਾ ਲਿਆ। ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਐੱਸ. ਐੱਮ. ਓਜ਼, ਐੱਮ. ਓ., ਸੀ. ਐੱਚ. ਓਜ਼ ਤੇ ਫੀਮੇਲ ਹੈਲਥ ਸੁਪਰਵਾਈਜ਼ਰਾਂ ਦੀਆਂ ਮੀਟਿੰਗਾਂ ਨਿਯਮਤ ਤੌਰ ’ਤੇ ਕਰਨ, ਜੋ ਬਦਲੇ ’ਚ ਹੈਲਥ ਵਰਕਰਾਂ ਨਾਲ ਇਸ ਮੁੱਦੇ ਨੂੰ ਉਠਾਉਣ ਤਾਂ ਜੋ ਜ਼ਮੀਨੀ ਪੱਧਰ ’ਤੇ ਪ੍ਰਭਾਵ ਪੈਦਾ ਕੀਤਾ ਜਾ ਸਕੇ।

ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਹਾਈ ਰਿਸਕ ਗਰਭਵਤੀ ਔਰਤਾਂ ਦੀ ਸੂਚੀ ਬਣਾਉਣ ਤੇ ਗਰਭ ਅਵਸਥਾ ਦੌਰਾਨ ਉਨ੍ਹਾਂ ਦੀ ਫੀਡਬੈਕ ਲੈਣ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਫੋਨ ਕਾਲ ਕਰਨ ਦੇ ਨਿਰਦੇਸ਼ ਦਿੱਤੇ। ਸੀਨੀਅਰ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਕੀਤੀ ਜਾਵੇਗੀ ਤੇ ਇਸ ਨਾਲ ਗਰਭਵਤੀ ਔਰਤ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾ ਸਕੇਗਾ ਅਤੇ ਕਿਸੇ ਵੀ ਅਣਗਹਿਲੀ ਨੂੰ ਆਸਾਨੀ ਨਾਲ ਪਛਾਣਿਆ ਜਾ ਸਕੇ। ਸਕੱਤਰ ਸਿਹਤ ਕਮ ਐੱਮ. ਡੀ. ਐੱਨ. ਐੱਚ. ਐੱਮ, ਪੰਜਾਬ ਡਾ. ਅਭਿਨਵ ਤ੍ਰਿਖਾ ਨੇ ਅਧਿਕਾਰੀਆਂ ਨੂੰ ਡਾਟਾ ਵਿਸ਼ਲੇਸ਼ਣ ਕਰਨ ਤੇ ਆਪਣੇ ਖੇਤਰ ’ਚ ਮਾਵਾਂ ਦੀ ਮੌਤ ਲਈ ਜ਼ਿੰਮੇਵਾਰ ਸਮੱਸਿਆਵਾਂ ਦੀ ਪਛਾਣ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਮਾਵਾਂ ਦੀ ਮੌਤ ਦਰ ਵੱਡੀ ਚਿੰਤਾ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਦਾ ਵਿਸ਼ਲੇਸ਼ਣ ਕਰਨ ਲਈ ਨਵੀਂ ਤਕਨਾਲੋਜੀ ਨਾਲ ਜਾਣੂੰ ਰਹਿਣ। ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸ਼ਰਮਾ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਸ਼ਾਪ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਮੇਂ ਸਿਰ ਦਖ਼ਲ ਦੇਣ ਨਾਲ ਬਹੁਤ ਸਾਰੀਆਂ ਮਾਵਾਂ ਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਇਸ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ (ਐੱਸ.ਐੱਮ.ਓਜ਼) ਤੇ ਨੋਡਲ ਅਫ਼ਸਰਾਂ ਨੂੰ ਮੁਫ਼ਤ ਸੇਵਾਵਾਂ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।


Babita

Content Editor

Related News