ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਐਡਵਾਈਜ਼ਰੀ ਜਾਰੀ
Tuesday, Jun 17, 2025 - 03:51 PM (IST)

ਫਿਰੋਜ਼ਪੁਰ (ਖੁੱਲਰ) : ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਦੇਸ਼ ਦੇ ਕੁੱਝ ਹਿੱਸਿਆਂ 'ਚ ਕੋਵਿਡ-19 ਮਾਮਲਿਆਂ 'ਚ ਹਲਕਾ ਵਾਧਾ ਦੇਖਣ 'ਚ ਆਇਆ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਐਡਵਾਈਜ਼ਰੀ ਜਾਰੀ ਕੀਤੀ ਜਾਂਦੀ ਹੈ। ਹਾਲਾਂਕਿ ਪੰਜਾਬ 'ਚ ਸਥਿਤੀ ਕੰਟਰੋਲ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਿਆਰੀ 'ਚ ਹੈ, ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁੱਢਲੀ ਸੁਰੱਖਿਆ ਸਾਵਧਾਨੀਆਂ ਜ਼ਰੂਰ ਅਪਨਾਉਣ।
ਉਨ੍ਹਾਂ ਦੱਸਿਆ ਕਿ ਵੱਡੀ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ, ਬਿਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਭੀੜ-ਭਾੜ ਵਾਲੀਆਂ ਜਾਂ ਬੰਦ ਥਾਵਾਂ ’ਤੇ ਮਾਸਕ ਜ਼ਰੂਰ ਪਾ ਕੇ ਰੱਖਣ। ਸਿਹਤ ਮੁਲਾਜ਼ਮਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮਾਸਕ ਪਹਿਨਣ ਅਤੇ ਕੋਵਿਡ-ਉਚਿਤ ਵਿਹਾਰ ਦੀ ਪਾਲਣਾ ਕਰਣ। ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਕੋਹਣੀ ਦੇ ਮੋੜ ਨਾਲ ਢੱਕੋ। ਜੇਕਰ ਬੁਖ਼ਾਰ, ਖੰਘ, ਜਾਂ ਸਾਹ ਲੈਣ ਵਿੱਚ ਦਿੱਕਤ ਹੈ ਤਾਂ ਮਾਸਕ ਪਹਿਨੋ ਅਤੇ ਤੁਰੰਤ ਡਾਕਟਰ ਨੂੰ ਵਿਖਾਓ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੀੜ-ਭਾੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੋਂ ਬਚੋ, ਖ਼ਾਸ ਕਰਕੇ ਜੇਕਰ ਤੁਹਾਨੂੰ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਹੈ। ਬਿਨਾਂ ਹੱਥ ਧੋਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾਂ ਛੂਹੋ। ਜਨਤਕ ਥਾਵਾਂ ’ਤੇ ਥੁੱਕਣ ਤੋਂ ਬਚੋ। ਸਵੈ-ਇਲਾਜ ਨਾ ਕਰੋ, ਖ਼ਾਸ ਕਰਕੇ ਸਾਹ ਸਬੰਧੀ ਲੱਛਣਾਂ ਲਈ ਹਮੇਸ਼ਾ ਡਾਕਟਰੀ ਸਲਾਹ ਲਵੋ।