ਚੰਡੀਗੜ੍ਹੀਆਂ ਲਈ ਰਾਹਤ ਭਰੀ ਖ਼ਬਰ, ਮੌਸਮ ਵਿਭਾਗ ਨੇ ਦਿੱਤੀ ਖ਼ਾਸ ਜਾਣਕਾਰੀ
Wednesday, Jun 18, 2025 - 11:20 AM (IST)

ਚੰਡੀਗੜ੍ਹ (ਅਧੀਰ ਰੋਹਾਲ) : ਭਿਆਨਕ ਗਰਮੀ ਤੋਂ ਬਾਅਦ ਹੁਣ ਬਾਰਸ਼ ਨੇ ਕੁੱਝ ਰਾਹਤ ਦਿੱਤੀ ਹੈ। ਪਿਛਲੇ 2 ਦਿਨਾਂ ਤੋਂ ਸਵੇਰੇ ਵੇਲੇ ਪੈ ਰਹੀ ਹਲਕੀ ਬਾਰਸ਼ ਨੇ ਪਿਛਲੇ 10 ਦਿਨਾਂ ਤੋਂ ਪੈ ਰਹੀ ਗਰਮੀ ਨੂੰ ਘਟਾ ਦਿੱਤਾ ਹੈ। ਮਾਨਸੂਨ ਦੇ ਦੁਬਾਰਾ ਸਰਗਰਮ ਹੋ ਕੇ ਅੱਗੇ ਵਧਣ ਨਾਲ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਦਾ ਮੌਸਮ ਬਦਲਿਆ ਹੈ। ਮੌਸਮ 'ਚ ਆਈ ਇਸ ਤਬਦੀਲੀ ਦੇ ਵਿਚਕਾਰ ਮੰਗਲਵਾਰ ਸਵੇਰੇ ਵੀ ਸ਼ਹਿਰ 'ਚ ਹਲਕੀ ਬਾਰਸ਼ ਹੋਈ। ਸੋਮਵਾਰ ਰਾਤ ਤੋਂ ਮੰਗਲਵਾਰ ਸ਼ਾਮ ਤੱਕ ਸ਼ਹਿਰ ਵਿਚ ਹੋਈ 3.6 ਮਿਲੀਮੀਟਰ ਬਾਰਸ਼ ਕਾਰਨ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਹੋਈ ਹੈ। ਚੰਡੀਗੜ੍ਹ ਹਵਾਈ ਅੱਡੇ ’ਤੇ ਤਾਪਮਾਨ ਡਿੱਗ ਕੇ 30 ਡਿਗਰੀ ਦਰਜ ਹੋਇਆ, ਜਦੋਂ ਕਿ ਸੈਕਟਰ-39 ਦੇ ਮੌਸਮ ਵਿਗਿਆਨ ਕੇਂਦਰ ’ਚ ਇਹ 31 ਡਿਗਰੀ ਦਰਜ ਕੀਤਾ ਗਿਆ। ਇੱਕ ਦਿਨ ’ਚ ਹੀ ਸ਼ਹਿਰ ਦਾ ਤਾਪਮਾਨ 6 ਡਿਗਰੀ ਡਿੱਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਵੀ ਸੋਮਵਾਰ ਦੇ ਮੁਕਾਬਲੇ 2 ਡਿਗਰੀ ਹੋਰ ਡਿੱਗ ਕੇ 25.1 ਡਿਗਰੀ ਹੋ ਗਿਆ। ਮੌਸਮ ’ਚ ਇਹ ਤਬਦੀਲੀ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਬੰਗਾਲ ਦੀ ਖਾੜੀ ਤੋਂ ਉੱਤਰੀ ਭਾਰਤ ਪਹੁੰਚ ਰਹੀ ਨਮੀ ਦੇ ਕਾਰਨ ਹੈ। ਮੌਸਮ ਵਿਭਾਗ ਮੁਤਾਬਕ 20 ਜੂਨ ਤੋਂ ਬਾਅਦ ਸ਼ਹਿਰ ਵਿਚ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਤਾਪਮਾਨ ਡਿੱਗ ਕੇ 30 ਤੱਕ ਪਹੁੰਚਿਆ
ਜੂਨ ਮਹੀਨੇ ਦੀ ਭਿਆਨਕ ਗਰਮੀ ਤੋਂ ਬਾਅਦ ਪਿਛਲੇ 2 ਦਿਨਾਂ ਤੋਂ ਹੋ ਰਹੀ ਸਵੇਰ ਦੀ ਬਾਰਸ਼ ਦਿਨ ਨੂੰ ਸੁਹਾਵਣਾ ਬਣਾ ਰਹੀ ਹੈ। ਇਹੋ ਕਾਰਨ ਹੈ ਕਿ ਮੰਗਲਵਾਰ ਨੂੰ ਹਵਾਈ ਅੱਡੇ ’ਤੇ ਤਾਪਮਾਨ 30 ਡਿਗਰੀ ਤੋਂ ਅੱਗੇ ਨਹੀਂ ਗਿਆ। ਇਸ ਵਾਰ ਰਾਤ ਨੂੰ ਤਾਪਮਾਨ ਰਿਕਾਰਡ ਤੋੜ ਪੱਧਰ ਤੱਕ ਪਹੁੰਚਿਆ। 32.6 ਡਿਗਰੀ ਤੱਕ ਪਹੁੰਚੇ ਰਾਤ ਦੇ ਤਾਪਮਾਨ ਤੋਂ ਬਾਅਦ ਹੁਣ ਰਾਤ ਦਾ ਤਾਪਮਾਨ ਘੱਟ ਗਿਆ ਹੈ, ਪਰ ਹਾਲੇ ਵੀ ਪਿਛਲੇ ਕਈ ਸਾਲਾਂ ਦੀ ਤੁਲਨਾ ’ਚ ਬਹੁਤ ਜ਼ਿਆਦਾ ਹੈ। ਰਾਤਾਂ ਹਾਲੇ ਵੀ 25 ਡਿਗਰੀ ਦੇ ਆਸ-ਪਾਸ ਹੀ ਬਿਤਾਉਣੀਆਂ ਪੈ ਰਹੀਆਂ ਹਨ।
21 ਜੂਨ ਦੇ ਆਸ-ਪਾਸ ਮਾਨਸੂਨ ਦੀ ਬਾਰਸ਼
ਮੰਗਲਵਾਰ ਨੂੰ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋਇਆ। 20 ਦਿਨਾਂ ਤੱਕ ਮਹਾਰਾਸ਼ਟਰ ਵਿਚ ਰੁਕਿਆ ਰਿਹਾ। ਮਾਨਸੂਨ ਹੁਣ 2 ਦਿਨਾਂ ਵਿਚ ਪੂਰੇ ਮਹਾਰਾਸ਼ਟਰ ਨੂੰ ਕਵਰ ਕਰਨ ਤੋਂ ਬਾਅਦ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਅੱਧੇ ਹਿੱਸੇ ’ਚ ਪਹੁੰਚ ਗਿਆ ਹੈ। ਦੂਜੇ ਪਾਸੇ ਬੰਗਾਲ ਨੂੰ ਕਵਰ ਕਰਨ ਦੇ ਬਾਅਦ ਅੱਧੇ ਬਿਹਾਰ ’ਚ ਪਹੁੰਚਣ ਤੋਂ ਬਾਅਦ ਮਾਨਸੂਨ ਆਉਣ ਵਾਲੇ ਦਿਨਾਂ ਵਿਚ ਤੇਜ਼ੀ ਨਾਲ ਉੱਤਰ-ਪੱਛਮੀ ਭਾਰਤ ਵੱਧਣ ਦੀ ਸੰਭਾਵਨਾ ਹੈ। ਸੈਟੇਲਾਈਟ ਤਸਵੀਰਾਂ ਅਤੇ ਬੰਗਾਲ ਦੀ ਖਾੜੀ ਤੋਂ ਚੱਲ ਰਹੀਆਂ ਹਵਾਵਾਂ ਦੀ ਮਦਦ ਨਾਲ 21 ਜੂਨ ਦੇ ਆਸ-ਪਾਸ ਮਾਨਸੂਨ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ਵਿਚ ਬਾਰਸ਼ ਕਰ ਕੇ ਰਾਹਤ ਪਹੁੰਚਾ ਸਕਦਾ ਹੈ।