ਸਿਹਤ ਵਿਭਾਗ ਵੱਲੋਂ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ

Saturday, Oct 11, 2025 - 11:32 PM (IST)

ਸਿਹਤ ਵਿਭਾਗ ਵੱਲੋਂ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ

ਫਗਵਾੜਾ (ਮੁਕੇਸ਼) - ਤਿਉਹਾਰਾਂ ਦੇ ਸੀਜ਼ਨ ਵਿਚ ਲੋਕ ਵੱਡੀ ਗਿਣਤੀ ਵਿਚ ਖਰੀਦਦਾਰੀ ਕਰਦੇ ਹਨ, ਇਸ ਦੌਰਾਨ ਸਿਹਤ ਨਾਲ ਸਬੰਧਿਤ ਖ਼ਤਰੇ ਵਧਣ ਦੀ ਸੰਭਾਵਨਾ ਰਹਿੰਦੀ ਹੈ ਆਮ ਲੋਕਾਂ ਦੀ ਭਲਾਈ ਲਈ ਸਿਹਤ ਵਿਭਾਗ ਫਗਵਾੜਾ ਵੱਲੋਂ ਸਿਹਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਿਮਰਦੀਪ ਕੌਰ ਨੇ ਦੱਸਿਆ ਕਿ ਭੀੜ-ਭਾੜ ਵਾਲੀਆਂ ਥਾਵਾਂ, ਮੇਲਿਆਂ ਅਤੇ ਹੋਰ ਸਮਾਰੋਹਾਂ ’ਚ ਜਾਣ ਤੋਂ ਬਚਿਆ ਜਾਵੇ, ਤਿਉਹਾਰਾਂ ਦੇ ਦਿਨਾਂ ਵਿਚ ਬੱਚਿਆਂ ਤੇ ਬਜ਼ੁਰਗਾਂ ਦੀ ਖ਼ਾਸ ਸੰਭਾਲ ਰੱਖੀ ਜਾਵੇ, ਖਾਣ-ਪੀਣ ਵੇਲੇ ਸਾਫ਼-ਸੁਥਰੇ ਭੋਜਨ ਦੀ ਵਰਤੋਂ ਕੀਤੀ ਜਾਵੇ, ਜ਼ਿਆਦਾ ਮਿੱਠੇ ਵਾਲੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਇਸ ਤੋਂ ਇਲਾਵਾ ਪਟਾਕਿਆਂ ਨੂੰ ਅੱਗ ਲਗਾਉਣ ਸਮੇਂ ਦੂਰੀ ਬਣਾ ਕੇ ਰੱਖੀ ਜਾਵੇ, ਆਪਣੀਆਂ ਅੱਖਾਂ ਨੂੰ ਤੇਜ਼ ਰੌਸ਼ਨੀ ਅਤੇ ਪਟਾਕਿਆਂ ਤੋਂ ਬਚਾਇਆ ਜਾਵੇ, ਬੱਚਿਆਂ ਨੂੰ ਤਿੱਖੀਆਂ ਅਤੇ ਨੁਕੀਲੀਆਂ ਵਸਤਾਂ ਖੇਡਣ ਲਈ ਨਾ ਦਿੱਤੀਆਂ ਜਾਣ, ਬਜ਼ੁਰਗ ਅਤੇ ਬਿਮਾਰ ਲੋਕ ਜਿਨ੍ਹਾਂ ਨੂੰ ਦਿਲ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਨੂੰ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਰੋਕਿਆ ਜਾਵੇ।

ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਨੂੰ ਖੁਸ਼ੀ-ਖੁਸ਼ੀ ਮਨਾਉਣ ਦੇ ਨਾਲ-ਨਾਲ ਆਪਣੀ ਸਿਹਤ ਅਤੇ ਸੁਰੱਖਿਆ ਦਾ ਵੀ ਧਿਆਨ ਰੱਖਣ।


author

Inder Prajapati

Content Editor

Related News