ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰ ਦੇ ਡੰਗ ’ਤੇ ਸਿਹਤ ਵਿਭਾਗ ਦਾ ਪ੍ਰਹਾਰ, ਬਣਾਏ ਗਏ ਹੌਟ-ਸਪਾਟ ਸੈਂਟਰ

Thursday, Aug 24, 2023 - 12:28 PM (IST)

ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰ ਦੇ ਡੰਗ ’ਤੇ ਸਿਹਤ ਵਿਭਾਗ ਦਾ ਪ੍ਰਹਾਰ, ਬਣਾਏ ਗਏ ਹੌਟ-ਸਪਾਟ ਸੈਂਟਰ

ਅੰਮ੍ਰਿਤਸਰ (ਦਲਜੀਤ)- ਡੇਂਗੂ ਅਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰ ਏਡੀਜ਼ ਇਜਿਪਟੀ ਦੇ ਕੱਟਣ ਨਾਲ ਲੋਕਾਂ ਨੂੰ ਇਹ ਵਾਇਰਸ ਬਿਮਾਰ ਕਰ ਰਿਹਾ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ ਤਿੰਨ ਤੋਂ ਵੱਧ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਡੇਂਗੂ ਲਈ 26 ਹੌਟ-ਸਪਾਟ ਸੈਂਟਰ ਬਣਾਏ ਗਏ ਹਨ, ਜਦੋਂ ਕਿ ਚਿਕਨਗੁਨੀਆ ਲਈ 25 ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 46 ਟੀਮਾਂ ਬਣਾ ਕੇ ਵਿਭਾਗ ਵੱਲੋਂ ਵਾਇਰਸ ਫੈਲਾਉਣ ਵਾਲੇ ਮੱਛਰ ਦੇ ਖ਼ਾਤਮੇ ਲਈ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ’ਤੇ ਘਬਰਾਉਣ ਦੀ ਲੋੜ ਨਹੀਂ, ਲੋਕ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਹਸਪਤਾਲਾਂ ਵਿਚ ਮਿਲਣ ਵਾਲੇ ਮੁਫ਼ਤ ਇਲਾਜ ਦਾ ਲਾਭ ਉਠਾਉਣ।

ਜਾਣਕਾਰੀ ਅਨੁਸਾਰ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇੱਥੋਂ ਤੱਕ ਕਿ ਕਿਤੇ-ਕਿਤੇ ਪ੍ਰਾਈਵੇਟ ਡਾਕਟਰ ਅਤੇ ਹਸਪਤਾਲ ਮਰੀਜ਼ਾਂ ਨੂੰ ਗੁੰਮਰਾਹ ਕਰ ਕੇ ਟੈਸਟ ਕਰਵਾਏ ਬਿਨਾਂ ਹੀ ਉਨ੍ਹਾਂ ਨੂੰ ਦਹਿਸ਼ਤ ਵਿੱਚ ਪਾ ਰਹੇ ਹਨ। ਉਨ੍ਹਾਂ ਦੇ ਸਰੀਰ ਦੇ ਪਲੇਟਲੈਟ ਸੈੱਲ ਅਤੇ ਹੋਰ ਟੈਸਟ ਠੀਕ ਹੋਣ ਦੇ ਬਾਵਜੂਦ ਵੀ ਉਹ ਦਾਖ਼ਲ ਕਰ ਕੇ ਮੋਟੀ ਕਮਾਈ ਕਰ ਰਹੇ ਹਨ। ਇਸ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਕਤ ਬਿਮਾਰੀਆਂ ਦੇ ਲੱਛਣ ਪਾਏ ਜਾਣ ’ਤੇ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਆਪਣੇ ਟੈਸਟ ਮੁਫ਼ਤ ਕਰਵਾਉਣ।

ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਕੇਸ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ, ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਜੋ ਹਾਟ-ਸਪਾਟ ਸੈਂਟਰ ਬਣਾਏ ਗਏ ਹਨ, ਜਿੱਥੇ ਡੇਂਗੂ ਅਤੇ ਚਿਕਨਗੁਨੀਆ ਦੇ ਤਿੰਨ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਜਦੋਂ ਮਰੀਜ਼ ਠੀਕ ਹੋ ਜਾਂਦੇ ਹਨ ਤਾਂ ਇਹ ਹੌਟ-ਸਪਾਟ ਖ਼ਤਮ ਹੋ ਜਾਂਦੇ ਹਨ ਅਤੇ ਜਦੋਂ ਨਵੇਂ ਮਰੀਜ਼ ਆਉਂਦੇ ਹਨ ਤਾਂ ਉਨ੍ਹਾਂ ਕੇਂਦਰਾਂ ਨੂੰ ਹੌਟ-ਸਪਾਟ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰਵਾਉਣਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਉਕਤ ਬਿਮਾਰੀਆਂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ-  9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ

ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 46 ਟੀਮਾਂ ਬਣਾ ਕੇ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਵਿਭਾਗ ਦੀ ਟੀਮ ਘਰ-ਘਰ ਜਾ ਕੇ ਮੱਛਰਾਂ ਤੋਂ ਫੈਲਣ ਵਾਲੇ ਲਾਰਵੇ ਦੀ ਜਾਂਚ ਕਰ ਰਹੀ ਹੈ ਅਤੇ ਜਿੱਥੇ ਵੀ ਇਹ ਲਾਰਵੇ ਪਾਏ ਜਾਂਦੇ ਹਨ, ਉਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਸਬੰਧਤ ਖ਼ੇਤਰ ਵਿਚ ਫੌਗਿੰਗ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡਾਂ ਵੀ ਬਣਾਈਆ ਗਈਆ ਹਨ ਅਤੇ ਸਟਾਫ਼ 24 ਘੰਟੇ ਆਪਣੀ ਡਿਊਟੀ ਨਿਭਾ ਰਿਹਾ ਹੈ।

ਦਹਿਸ਼ਤ ਫੈਲਾਉਣ ਵਾਲੇ ਪ੍ਰਾਈਵੇਟ ਡਾਕਟਰਾਂ ਅਤੇ ਹਸਪਤਾਲਾਂ ਤੋਂ ਹੋ ਜਾਓ ਸਾਵਧਾਨ  
ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲੱਛਣ ਦਿਖਾਈ ਦੇਣ ’ਤੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਈ ਡਾਕਟਰ ਅਤੇ ਹਸਪਤਾਲ ਉਨ੍ਹਾਂ ਦੇ ਪਲੇਟਲੇਟ ਸੈੱਲ ਠੀਕ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਦਾਖ਼ਲ ਕਰ ਲੈਦੇ ਹਨ, ਪਰ ਦਿਸ਼ਾ-ਨਿਰਦੇਸ਼ਾਂ ਅਨੁਸਾਰ 20 ਹਜ਼ਾਰ ਤੋਂ ਘੱਟ ਸੈਲ ਹੋਣ ’ਤੇ ਮਰੀਜ਼ ਦੀ ਹਾਲਤ ਗੰਭੀਰ ਹੋ ਜਾਂਦੀ ਹੈ, ਜਾਂ ਖੂਨ ਵਹਿਣ ਕਾਰਨ ਮਰੀਜ਼ ਨੂੰ ਦਾਖ਼ਲ ਕਰਵਾਉਣਾ ਪੈਂਦਾ ਹੈ, ਨਹੀਂ ਤਾਂ ਮਾਮੂਲੀ ਲੱਛਣਾਂ ਨਾਲ ਮਰੀਜ਼ ਨੂੰ ਦਵਾਈ ਨਾਲ ਹੀ ਰਾਹਤ ਮਿਲਦੀ ਹੈ। ਡਾ. ਹਰਜੋਤ ਕੌਰ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਦੀ ਟੀਮ ਜਿੱਥੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਉਨ੍ਹਾਂ ਦੇ ਬੁਖ਼ਾਰ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਉਹ ਖੁਦ ਵੀ ਹਰ ਰੋਜ਼ ਫੀਲਡ ਵਿਚ ਜਾ ਕੇ ਰਿਪੋਰਟ ਲੈ ਰਹੇ ਹਨ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਇਆ ਝਗੜਾ, ਕਬੱਡੀ ਖਿਡਾਰੀ ’ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਡੇਂਗੂ ਅਤੇ ਚਿਕਨਗੁਨੀਆ ਦੇ ਪਾਜ਼ੇਟਿਵ ਮਰੀਜ਼ ਦਾ ਆਂਕੜਾ ਨਾ ਦੇਣ ਵਾਲੇ ਡਾਕਟਰਾਂ ’ਤੇ ਹੋਵੇਗੀ ਕਾਰਵਾਈ 

ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਜ਼ਮੀਨੀ ਪੱਧਰ ’ਤੇ ਕੰਮ ਕਰ ਰਿਹਾ ਹੈ। ਵਿਭਾਗ ਵੱਲੋਂ ਪਹਿਲਾਂ ਵੀ ਪੱਤਰ ਜਾਰੀ ਕੀਤਾ ਗਿਆ ਸੀ ਕਿ ਜੇਕਰ ਉਕਤ ਬਿਮਾਰੀ ਦਾ ਕੋਈ ਕੇਸ ਕਿਸੇ ਪ੍ਰਾਈਵੇਟ ਡਾਕਟਰ ਜਾਂ ਹਸਪਤਾਲ ਵਿਚ ਆਉਦਾ ਹੈ, ਜਿਸ ਦਾ ਉਹ ਇਲਾਜ ਕਰ ਰਹੇ ਹਨ ਅਤੇ ਉਸ ਦਾ ਟੈਸਟ ਪਾਜ਼ੇਟਿਵ ਆਉਂਦਾ ਹੈ ਤਾਂ ਤੁਰੰਤ ਇਸ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।

ਡੇਂਗੂ ਦੇ ਤਿੰਨ ਅਤੇ ਚਿਕਨਗੁਨੀਆ ਦੇ 13 ਮਾਮਲੇ ਆਏ ਸਾਹਮਣੇ 

ਜ਼ਿਲ੍ਹਾ ਮਲੇਰੀਆ ਅਫ਼ਸਰ ਡਾ. ਹਰਜੋਤ ਕੌਰ ਨੇ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਪੂਰੀ ਤਰਾਂ ਚੌਕਸ ਹੈ। ਉਨ੍ਹਾਂ ਦੱਸਿਆ ਕਿ ਅੱਜ ਡੇਂਗੂ ਦੇ ਤਿੰਨ ਕੇਸ ਪਾਜ਼ੇਟਿਵ ਆਏ ਹਨ ਜਦਕਿ ਹੁਣ ਤੱਕ 195 ਕੇਸ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਚਿਕਨਗੁਨੀਆ ਦੇ 13 ਮਾਮਲੇ ਸਾਹਮਣੇ ਆਏ ਹਨ ਜਦਕਿ ਹੁਣ ਤੱਕ 143 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਥਾਂ ਵਿਟਾਮਿਨ ਸੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਲੱਛਣਾਂ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਜਾਗਰੂਕਤਾ ਨਾਲ ਹੀ ਡੇਂਗੂ ਮੱਛਰ ਦੇ ਡੰਗ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਡੇਂਗੂ ਦੇ ਹਾਟ-ਸਪਾਟ ਦੇ ਖੇਤਰ 

ਝਬਾਲ ਚੌਕ, ਮਹਿਤਾ ਚੌਕ, ਗਿਆਨ ਨਗਰ, ਇੰਦਰਾ ਕਲੋਨੀ, ਅਬਦਾਲ, ਬਾਬਾ ਬਕਾਲਾ, ਐਸ. ਡਬਲਿਊ ਰੋਡ, ਅਵਤਾਰ ਐਵੀਨਿਊ, ਸ਼ਿਵਪੁਰੀ ਰੋਡ, ਤੁੰਗਬਾਲਾ, ਪੰਡੋਰੀ ਵੜੈਚ, ਰਾਮ ਨਗਰ ਕਲੋਨੀ, ਇਸਲਾਮਾਬਾਦ, ਗਲੀ ਨੰਬਰ 4 ਕੋਟ ਬਾਬਾ ਦੀਪ ਸਿੰਘ, ਡਾਇਮੰਡ ਐਵੀਨਿਊ ਮਜੀਠਾ ਰੋਡ, ਕ੍ਰਿਪਾਲ ਕਲੋਨੀ, ਮਜੀਠਾ ਰੋਡ, ਫਤਿਹਗੜ੍ਹ ਚੂੜੀਆਂ ਰੋਡ, ਹਰਗੋਬਿੰਦ ਐਵੀਨਿਊ, ਮਜੀਠਾ ਰੋਡ, ਰਈਆ ਖੁਰਦ , ਜੰਡਿਆਲਾ ਗੁਰੂ, ਦੋਲਾਨੰਗਲ, ਬੱਲੋਵਾਲ, ਬੱਲੋਵਾਲ, ਦਸਮੇਸ਼ ਨਗਰ, ਕੋਟ ਖਾਲਸਾ, ਗੁਰੂ ਅਮਰਦਾਸ ਕਲੋਨੀ ਨਰਾਇਣਗੜ੍ਹ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ- ਦੇਸ਼ ਲਈ ਜਾਸੂਸੀ ਕਰਦਿਆਂ ਪਾਕਿ ਦੀ ਜੇਲ੍ਹ ਕੱਟ ਚੁੱਕੇ ਹਨ ਪਿੰਡ ਡਡਵਾਂ ਦੇ 8 ਜਾਸੂਸ, 6 ਦੁਨੀਆ ਨੂੰ ਕਹਿ ਚੁੱਕੇ ਅਲਵਿਦਾ

ਚਿਕਗੁਨੀਆ ਦੇ ਹਾਟ-ਸਪਾਟ ਦੇ ਖੇਤਰ 

ਮੋਨੀ ਪਾਰਕ, ​​ਅਫਸਰ ਕਲੋਨੀ, ਗੁਰੂ ਕੀ ਵਡਾਲੀ, ਰੇਲਵੇ ਕਲੋਨੀ, ਫਤਿਹਗੜ੍ਹ ਚੂੜੀਆਂ ਰੋਡ, ਸ਼ਕਤੀ ਨਗਰ, ਛੇਹਰਟਾ, ਮੁਰਾਦਪੁਰ, ਵੇਰਕਾ, ਢੱਪਈ ਰੋਡ, ਗਰੀਨ ਫੀਲਡ ਮਜੀਠਾ ਰੋਡ, ਗੁਰੂ ਅਮਰਦਾਸ ਐਵੀਨਿਊ ਅਜਨਾਲਾ ਰੋਡ, ਸੇਵਾ ਨਗਰ, ਰਾਮ ਤੀਰਥ ਰੋਡ, ਹਰਗੋਬਿੰਦ ਐਵੀਨਿਊ, ਮਜੀਠਾ ਰੋਡ, ਸ਼੍ਰੀ ਰਾਮ ਐਵੀਨਿਊ ਮਜੀਠਾ ਰੋਡ, ਗੋਪਾਲ ਨਗਰ ਮਜੀਠਾ ਰੋਡ, ਗੁਰੂ ਨਾਨਕ ਪੁਰਾ ਇਸਲਾਮਾਬਾਦ, ਗਲੀ ਨੰਬਰ 2 ਛੇਹਰਟਾ, ਭੱਲਾ ਕਲੋਨੀ ਛੇਹਰਟਾ, ਕੋਟ ਖਾਲਸਾ ਆਦਿ ਸ਼ਾਮਲ ਹਨ।

ਇਹ ਹਨ ਲੱਛਣ 

ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦੇ ਹਿੱਸ ਵਿਚ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀਆਂ, ਥਕਾਵਟ ਮਹਿਸੂਸ ਕਰਨਾ, ਚਮੜੀ ’ਤੇ ਧੱਫੜ ਅਤੇ ਹਾਲਤ ਵਿਗੜ ਜਾਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ।

ਡੇਂਗੂ ਤੋਂ ਬੱਚਣ ਦੇ ਤਰੀਕੇ

ਕੂਲਰਾਂ, ਬਰਤਨਾਂ ਅਤੇ ਫਰਿੱਜਾਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਸਾਫ਼ ਕਰੋ।

ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਰੱਖੋ।

ਟੁੱਟੇ ਭਾਂਡਿਆਂ, ਡਰੰਮਾਂ ਅਤੇ ਟਾਇਰਾਂ ਨੂੰ ਖੁੱਲ੍ਹੇ ਵਿੱਚ ਨਾ ਰੱਖੋ।

ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ।

ਇਹ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ।

ਘਰਾਂ ਅਤੇ ਦਫ਼ਤਰਾਂ ਵਿੱਚ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਸ਼ਾਰਪਸ ਦੀ ਵਰਤੋਂ ਕਰੋ।

ਸੌਂਦੇ ਸਮੇਂ ਮੱਛਰਦਾਨੀ ਦੀ ਵਰਤੋਂ ਕਰੋ।
 


author

Shivani Bassan

Content Editor

Related News