ਸਿਹਤ ਮਹਿਕਮੇ ਦੀ ਟੀਮ ਨੇ 38 ਅਧਿਆਪਕਾਂ ਦੇ ਕੀਤੇ ''ਕੋਰੋਨਾ'' ਟੈਸਟ, 1 ਦੀ ਰਿਪੋਰਟ ਪਾਜ਼ੇਟਿਵ

Tuesday, Oct 27, 2020 - 06:40 PM (IST)

ਸਿਹਤ ਮਹਿਕਮੇ ਦੀ ਟੀਮ ਨੇ 38 ਅਧਿਆਪਕਾਂ ਦੇ ਕੀਤੇ ''ਕੋਰੋਨਾ'' ਟੈਸਟ, 1 ਦੀ ਰਿਪੋਰਟ ਪਾਜ਼ੇਟਿਵ

ਐੱਸ. ਏ. ਐੱਸ. ਨਗਰ(ਬੂਥਗੜ੍ਹ) : ਮੁਢਲਾ ਸਿਹਤ ਕੇਂਦਰ (ਪੀ. ਐੱਚ. ਸੀ.) ਬੂਥਗੜ੍ਹ ਵਿਖੇ ਸਿਹਤ ਮਹਿਕਮੇ ਦੀ ਟੀਮ ਨੇ 38 ਅਧਿਆਪਕਾਂ ਦੇ 'ਕੋਰੋਨਾ ਵਾਇਰਸ' ਟੈਸਟ ਕੀਤੇ, ਜਿਨ੍ਹਾਂ 'ਚੋਂ ਇਕ ਅਧਿਆਪਕਾ ਦੀ ਰਿਪੋਰਟ ਪਾਜ਼ੇਟਿਵ ਆਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੇ 19 ਅਧਿਆਪਕਾਂ, ਸਰਕਾਰੀ ਹਾਈ ਸਕੂਲ ਪਿੰਡ ਮੀਆਂਪੁਰ ਚੰਗਰ ਦੇ 3 ਅਧਿਆਪਕਾਂ ਅਤੇ ਸਰਕਾਰੀ ਹਾਈ ਸਕੂਲ ਪਿੰਡ ਮਾਣਕਪੁਰ ਸ਼ਰੀਫ਼ ਦੇ 16 ਅਧਿਆਪਕਾਂ ਦੇ 'ਰੈਪਿਡ ਕਾਰਡ' ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ ਮਾਣਕਪੁਰ ਸ਼ਰੀਫ਼ ਦੇ ਸਕੂਲ ਦੀ ਅਧਿਆਪਕਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਬਾਕੀ ਸਾਰਿਆਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ। ਦੱਸ ਦਈਏ ਕਿ ਮੌਕੇ 'ਤੇ ਹੀ ਸਾਰੇ ਟੈਸਟਾਂ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ। ਉਨ੍ਹਾਂ ਦਸਿਆ ਕਿ ਅਧਿਆਪਕਾ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਸਾਰੀਆਂ ਜ਼ਰੂਰੀ ਹਦਾਇਤਾਂ ਦੇ ਦਿਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਸਬੰਧਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਇਸ ਵਾਇਰਸ ਤੋਂ ਬਚਾਅ ਲਈ ਤਮਾਮ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਆਉਣ ਵਾਲੇ ਬੱਚਿਆਂ ਦਾ ਬਚਾਅ ਬਹੁਤ ਜ਼ਰੂਰੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਉਹ ਹਮੇਸ਼ਾ ਮਾਸਕ ਪਾ ਕੇ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਇਕ ਦੂਜੇ ਤੋਂ ਦੂਰੀ ਰੱਖਣ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਦੀ ਦਵਾਈ ਆਉਣ ਤੱਕ ਮਾਸਕ ਹੀ ਦਵਾਈ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਬੀਰ ਦਵਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ, ਰਾਜਪਾਲ ਦੀ ਆਲੋਚਨਾ ਨੂੰ ਦੱਸਿਆ ਬੇਮਾਨੀ

ਸੀਨੀਅਰ ਮੈਡੀਕਲ ਅਫ਼ਸਰ ਦਿਲਬਾਗ਼ ਸਿੰਘ ਦੀ ਅਗਵਾਈ 'ਚ ਸਿਹਤ ਮਹਿਕਮੇ ਦੀ ਟੀਮ ਨੇ ਟੈਸਟ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਂਕਿ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਆਪਣੇ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਹਾਲਤ ਖ਼ਰਾਬ ਹੋਣ 'ਤੇ ਹੀ ਸਿਹਤ ਸੰਸਥਾ 'ਚ ਆਉਂਦੇ ਹਨ ਜਿਸ ਕਾਰਨ ਮਰੀਜ਼ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਇਸ ਬੀਮਾਰੀ ਦਾ ਕੋਈ ਵੀ ਲੱਛਣ ਦਿਸਣ 'ਤੇ ਤੁਰੰਤ ਟੈਸਟ ਕਰਵਾਇਆ ਜਾਵੇ ਤਾਂਕਿ ਸਮੇਂ ਸਿਰ ਇਸ ਬੀਮਾਰੀ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਫਾਦਰ ਐਨਥਨੀ ਦਾ ਦੋਸ਼, ਅਦਾਲਤੀ ਹੁਕਮ ਦੇ ਬਾਵਜੂਦ ਪੁਲਸ ਰਿਫੰਡ ਨਹੀਂ ਕਰ ਰਹੀ 4.57 ਕਰੋੜ

ਐੱਸ. ਐੱਮ. ਓ ਨੇ ਲੋਕਾਂ ਨੂੰ ਕੀਤੀ ਅਪੀਲ
ਐੱਸ. ਐੱਮ. ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਨਾਲ ਹੀ ਵਾਰ-ਵਾਰ ਹੱਥ ਧੋਣ, ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬਿਨਾਂ ਲੋੜ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਮਹਿਕਮੇ ਦੀ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾਵੇ। ਇਸ ਮੌਕੇ ਡਾ. ਵਿਕਾਸ, ਡਾ. ਸੁਬਿਨ, ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ. ਈ. ਈ) ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ (ਐੱਚ. ਆਈ.) ਗੁਰਤੇਜ ਸਿੰਘ, ਸੀ. ਐੱਚ. ਓ. ਪੂਨਮਜੀਤ ਕੌਰ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਟਾਂਡਾ : ਪੀੜਤ ਬੱਚੀ ਦੇ ਘਰ ਪੁੱਜੇ ਬੈਂਸ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ


author

Anuradha

Content Editor

Related News