ਸਿਹਤ ਵਿਭਾਗ ਦੀ ਟੀਮ ਵਲੋਂ ਸਿੱਧੂ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ
Sunday, Jul 22, 2018 - 06:25 AM (IST)

ਖਰਡ਼, (ਅਮਰਦੀਪ, ਰਣਬੀਰ, ਸ਼ਸ਼ੀ) - ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਰਡ਼ ਦੀ ਗਾਰਡਨ ਕਾਲੋਨੀ ਵਿਚ ਚਲਦੇ ਸਿੱਧੂ ਨਸ਼ਾ ਛੁਡਾਊ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਟੀਮ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਾਕੇਸ਼ ਸਿੰਗਲਾ, ਐੱਸ. ਡੀ. ਐੱਮ. ਖਰਡ਼ ਵਿਨੋਦ ਕੁਮਾਰ ਬਾਂਸਲ, ਡੀ. ਐੱਸ. ਪੀ. ਦੀਪ ਕਮਲ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ, ਡਾ. ਪੂਜਾ ਗਰਗ ਦਿਮਾਗੀ ਬੀਮਾਰੀਆਂ ਦੇ ਮਾਹਿਰ, ਨੇਹਾ ਸਰੀ ਜ਼ੋਨਲ ਡਰੱਗਜ਼ ਲਾਇਸੈਂਸ ਅਥਾਰਟੀ, ਡਰੱਗਜ਼ ਇੰਸਪੈਕਟਰ ਮਨਪ੍ਰੀਤ ਕੌਰ, ਡਰੱਗਜ਼ ਇੰਸਪੈਕਟਰ ਅੰਮ੍ਰਿਤ ਲਖਣਪਾਲ ਵੀ ਹਾਜ਼ਰ ਸਨ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਨਸ਼ਾ ਛੁਡਾਊ ਕੇਂਦਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਨਸ਼ਾ ਛੁਡਾਊ ਕੇਂਦਰ ਦਾ ਲਾਇਸੈਂਸ 2017 ਸਤੰਬਰ ਮਹੀਨੇ ਦਾ ਖਤਮ ਹੋ ਚੁੱਕਾ ਹੈ ਤੇ ਹਸਪਤਾਲ ਨੂੰ ਬਿਨਾਂ ਲਾਇਸੈਂਸ ਤੋਂ ਹੀ ਚਲਾਇਆ ਜਾ ਰਿਹਾ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਸਿੰਗਲਾ ਨੇ ਆਖਿਆ ਕਿ ਨਸ਼ਾ ਛੁਡਾਊ ਕੇਂਦਰ ਵਿਚ ਦਵਾਈ ਲੈਣ ਆਏ ਦੋ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਟੈਸਟ ਕੀਤਿਆਂ ਹੀ ਦਵਾਈ ਦੇ ਕੇ ਘਰ ਭੇਜ ਦਿੱਤਾ, ਜਿਸ ਕਾਰਨ ਟੀਮ ਨੇ ਨਸ਼ਾ ਛੁਡਾਊ ਕੇਂਦਰ ਦਾ ਪੂਰਾ ਰਿਕਾਰਡ ਕਬਜ਼ੇ ਵਿਚ ਲੈ ਲਿਆ ਤੇ ਇਸ ਸਬੰਧੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ।
ਡਾ. ਸਿੰਗਲਾ ਨੇ ਆਖਿਆ ਕਿ ਬਿਨਾਂ ਲਾਇਸੈਂਸ ਕਿਸੇ ਨੂੰ ਵੀ ਨਸ਼ਾ ਛੁਡਾਊ ਕੇਂਦਰ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜੋ ਵੀ ਨਸ਼ਾ ਛੁਡਾਊ ਕੇਂਦਰ ਹਨ ਜੇ ਮਰੀਜ਼ਾਂ ਦੀ ਜਾਂਚ ਕਰਨ ਤੋਂ ਬਿਨਾਂ ਉਨ੍ਹਾਂ ਨੂੰ ਦਵਾਈਆਂ ਦੇਣ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਏਗੀ।
ਇਸੇ ਤਰ੍ਹਾਂ ਟੀਮ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਕੰਬੋਜ ਹਸਪਤਾਲ ਨਿਊ ਸੰਨੀ ਇਨਕਲੇਵ, ਕੌਸ਼ਲ ਹਸਪਤਾਲ ਖਰਡ਼ ਵਿਚ ਵੀ ਅਚਨਚੇਤ ਚੈਕਿੰਗ ਕਰਕੇ ਉਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ। ਇਸ ਮੌਕੇ ਦੋਵਾਂ ਹਸਪਤਾਲਾਂ ਵਿਚ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਾਲ ਸਬੰਧਤ ਐਕਟੀਵਿਟੀ ਨਹੀਂ ਪਾਈ ਗਈ। ਜਦੋਂ ਮਰੀਜ਼ਾਂ ਨੂੰ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਮਰੀਜ਼ਾਂ ਨੇ ਆਖਿਆ ਕਿ ਇਥੇ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਕੌਸ਼ਲ ਹਸਪਤਾਲ ਦੇ ਇੰਚਾਰਜ ਡਾ. ਕੌਸ਼ਲ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਹਸਪਤਾਲ ਵਿਚ ਨਸ਼ਾ ਛੁਡਾਊ ਕੇਂਦਰ ਰਜਿਸਟਰਡ ਕਰਵਾਇਆ ਸੀ ਪਰ ਹੁਣ ਉਨ੍ਹਾਂ ਨੇ ਲਿਖਤੀ ਰੂਪ ਵਿਚ ਇਸ ਸਬੰਧੀ ਵਿਭਾਗ ਨੂੰ ਸੂਚਨਾ ਦਿੱਤੀ ਹੋਈ ਹੈ ਕਿ ਹਸਪਤਾਲ ਵਿਚ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਹੀਂ ਚੱਲ ਰਿਹਾ। ਦੂਜੇ ਪਾਸੇ ਸਿੱਧੂ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਡਾ. ਤਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਲਾਇਸੈਂਸ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ।