ਸਿਹਤ ਵਿਭਾਗ ਵੱਲੋਂ ਦੁਕਾਨਾਂ ਤੇ ਡੇਅਰੀਆਂ ''ਤੇ ਛਾਪੇ

Saturday, Sep 16, 2017 - 06:53 AM (IST)

ਤਰਨਤਾਰਨ(ਰਮਨ)-ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਿਲੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿਚ ਮੌਜੂਦ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਤੋਂ 12 ਕਿਸਮ ਦੇ ਸੈਂਪਲ ਸੀਲ ਕਰ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੀ ਇਸ ਕਾਰਵਾਈ ਨਾਲ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਫੂਡ ਡਾ. ਗੁਰਪ੍ਰੀਤ ਸਿੰਘ ਪੰਨੂੰ ਨੇ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਹੁਕਮਾਂ ਤਹਿਤ ਉਨ੍ਹਾਂ ਵੱਲੋਂ ਅੱਜ ਕੈਰੋਂ, ਸਰਹਾਲੀ, ਨੌਸ਼ਹਿਰਾ ਪੰਨੂੰਆਂ, ਸ਼ਕਰੀ ਅਤੇ ਤਰਨਤਾਰਨ ਬਾਈਪਾਸ ਵਿਖੇ ਮੌਜੂਦ ਦੁਕਾਨਾਂ, ਡੇਅਰੀਆਂ ਅਤੇ ਫਲ ਵਿਕ੍ਰੇਤਾਵਾਂ ਤੋਂ 12 ਕਿਸਮ ਦੇ ਸੈਂਪਲ ਸੀਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਜ਼ਿਲੇ ਵਿਚ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਜਿਸਟ੍ਰੇਸ਼ਨਾਂ ਅਤੇ ਲਾਇਸੈਂਸ ਵਿਭਾਗ ਵੱਲੋਂ ਤੁਰੰਤ ਬਣਵਾਉਣ ਨਹੀਂ ਤਾਂ ਉਨ੍ਹਾਂ ਖਿਲਾਫ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਪੰਨੂ ਦੇ ਨਾਲ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ।  


Related News