ਮਿਲਾਵਟਖੋਰੀ ਨੂੰ ਨਕੇਲ ਪਾਉਣ ਲਈ ਸਿਹਤ ਵਿਭਾਗ ਹੋਇਆ ਚੌਕਸ

10/15/2019 3:56:13 PM

ਤਰਨਤਾਰਨ (ਰਾਜੂ) : ਤਿਉਹਾਰਾਂ ਦੇ ਸੀਜ਼ਨ ਮੌਕੇ ਮਿਲਾਵਟਖੋਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ ਸਿਹਤ ਵਿਭਾਗ ਦੇ ਫੂਡ ਸੇਫਟੀ ਦੇ ਸਹਾਇਕ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂੰ ਦੀ ਅਗਵਾਈ ਹੇਠ ਟੀਮ ਵਲੋਂ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਮਠਿਆਈਆਂ, ਦੁੱਧ, ਘਿਉ ਆਦਿ ਵੱਖ-ਵੱਖ ਵਸਤਾਂ ਦੇ ਸੈਂਪਲ ਭਰੇ ਗਏ। ਇਸ ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਕਈ ਦੁਕਾਨਦਾਰ ਲਾਲਚ ਦੇ 'ਚ ਆ ਕੇ ਨਕਲੀ ਮਠਿਆਈਆਂ ਅਤੇ ਹੋਰ ਖਾਣ ਵਾਲੇ ਪਦਾਰਥ ਤਿਆਰ ਕਰਕੇ ਵੇਚਦੇ ਹਨ, ਜਿਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸੀ ਵਰਤ ਰਿਹਾ ਹੈ ਅਤੇ ਵੱਖ-ਵੱਖ ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ ਆਦਿ 'ਤੇ ਜਾ ਕੇ ਵਿਭਾਗ ਦੀਆਂ ਟੀਮਾਂ ਸੈਂਪਲ ਭਰ ਰਹੀਆਂ ਹਨ।

ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਿਲਾਵਟਖੋਰੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਅਲਰਟ ਹੈ ਅਤੇ ਜੇਕਰ ਕੋਈ ਨਕਲੀ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਤਰਨਤਾਰਨ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਦੀ ਟੀਮ ਵਲੋਂ ਜ਼ਿਲੇ ਭਰ 'ਚ ਸੈਂਪਲਿੰਗ ਕੀਤੀ ਜਾ ਰਹੀ ਹੈ। ਡਾ. ਪੰਨੂੰ ਨੇ ਕਿਹਾ ਕਿ ਜੇਕਰ ਕਿਸੇ ਜਗ੍ਹਾ 'ਤੇ ਮਿਲਾਵਟ ਖੋਰੀ ਹੋਣ ਦਾ ਪਤਾ ਲੱਗਦਾ ਹੈ ਤਾਂ ਆਮ ਲੋਕ ਸਿਹਤ ਵਿਭਾਗ ਦੀ ਟੀਮ ਨੂੰ ਤੁਰੰਤ ਸੂਚਿਤ ਕਰਨ ਤਾਂ ਜੋ ਤਿਉਹਾਰਾਂ ਮੌਕੇ ਨਕਲੀ ਮਠਿਆਈਆਂ ਤੇ ਹੋਰ ਖਾਣ ਯੋਗ ਪਦਾਰਥ ਵੇਚਣ ਵਾਲਿਆਂ ਨੂੰ ਪੂਰੀ ਤਰ੍ਹਾਂ ਨਕੇਲ ਪਾਈ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਨੂੰ ਕਾਮਯਾਬ ਬਣਾਉਣ 'ਚ ਆਪਣਾ ਸਹਿਯੋਗ ਦੇਣ।
 


Anuradha

Content Editor

Related News