ਸਿਹਤ ਵਿਭਾਗ ਦੇ ਅਧਿਕਾਰੀ ਸਮੇਤ ਤਿੰਨ ਕਰਮਚਾਰੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ
Wednesday, Jul 10, 2024 - 10:15 AM (IST)
ਪਾਤੜਾਂ (ਮਾਨ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਭ੍ਰਿਸ਼ਟਾਚਾਰ ਮੁਕਤ ਮਿਸ਼ਨ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਡਾਕਟਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸਿਕ੍ਰੇਟ ਮਿਸ਼ਨ ਅਧੀਨ ਛਾਪਾਮਾਰੀ ਕਰਕੇ ਦੇਰ ਰਾਤ ਸਿਹਤ ਅਤੇ ਪਰਿਵਾਰ ਭਲਾਈ ਅਫਸਰ ਸਮੇਤ ਤਿੰਨ ਕਰਮਚਾਰੀਆਂ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਅਧਿਕਾਰੀ ਅਤੇ ਦੂਜੇ ਕਰਮਚਾਰੀ ਗਰਭ ਵਿਚ ਲੜਕਾ ਲੜਕੀ ਦੱਸਣ ਵਾਲੇ ਅਲਟਰਾਸਾਊਡ ਨੂੰ ਨੱਥ ਪਾਉਣ ਲਈ ਗਠਿਤ ਕੀਤੀ ਪੰਜਾਬ ਹਰਿਆਣਾ ਦੀ ਸਿਹਤ ਵਿਭਾਗ ਟੀਮ ਦੇ ਮੈਂਬਰ ਦੱਸੇ ਗਏ ਹਨ। ਸ਼ਹਿਰ ਪਾਤੜਾਂ ਦੇ ਪ੍ਰਾਈਵੇਟ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਹਰਿਆਣਾਂ ਦੇ ਡਾਕਟਰਾਂ ਦੀ ਟੀਮ ਨੇ ਮੇਰੀ ਕਲੀਨਿਕ 'ਤੇ ਛਾਪੇਮਾਰੀ ਕੀਤੀ ਸੀ ਪਰ ਮੇਰੇ ਕੋਲੋਂ ਕੁੱਝ ਵੀ ਗੈਰ ਕਾਨੂੰਨੀ ਨਾਂ ਮਿਲਣ 'ਤੇ ਵਾਪਸ ਗਏ ਡਾਕਟਰਾਂ ਦੀ ਟੀਮ 'ਚੋਂ ਇਕ ਮੁੱਖ ਡਾਕਟਰ ਦਾ ਡਰਾਇਵਰ ਮੈਨੂੰ ਵਟਸਐਪ ਕਾਲ ਰਾਹੀਂ ਕਥਿਤ ਸੈਟਿੰਗ ਕਰਨ ਦੀਆਂ ਗੱਲਾਂ ਕਰਕੇ ਹਰ ਤਰ੍ਹਾਂ ਗੈਰ ਕਾਨੂੰਨੀ ਕੰਮ ਅਲ਼ਟਰਾਸਾਊਂਡ ਕਰਨ ਲਈ ਮਜਬੂਰ ਕਰਨ ਲੱਗ ਪਿਆ ਅਤੇ ਮੇਰੇ ਵੱਲੋਂ ਵਾਰ-ਵਾਰ ਜਵਾਬ ਦੇਣ ਉਪਰੰਤ ਉਸਨੇ ਕਿਹਾ ਕਿ ਡਾਕਟਰਾਂ ਦੀ ਟੀਮ ਕੋਲ ਬਹੁਤ ਤਾਕਤ ਹੈ, ਤੇਰੇ 'ਤੇ ਕੋਈ ਨਾ ਕੋਈ ਕੇਸ ਦਰਜ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਇਸ ਮਗਰੋਂ ਡਰਦਿਆਂ ਉਸ ਵਿਅਕਤੀ ਵਲੋਂ ਦਿੱਤੇ ਗਏ ਗੂਗਲ ਪੇ ਨੰਬਰ 'ਤੇ ਇਕ ਵਾਰ 35 ਹਜ਼ਾਰ ਅਤੇ ਇਕ ਵਾਰ 10 ਹਜ਼ਾਰ ਰੁਪਏ ਖਾਤੇ ਵਿਚ ਪਾਏ ,ਜਿਸ ਦੀ ਕਾਲ ਰਿਕਾਡਿੰਗ ਅੱਜ ਵੀ ਮੇਰੇ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਲੈਣ ਦੇਣ ਪਿੱਛੋਂ ਕਥਿਤ ਡਰਾਇਵਰ ਨੇ ਮੈਨੂੰ ਲੁਧਿਆਣਾ ਵਿਖੇ ਤਾਇਨਾਤ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨਾਲ ਮਿਲਾਇਆ ਜਿਸ ਨੇ ਸਾਰਾ ਲੈਣ ਦੇਣ ਇਸ ਡਰਾਇਵਰ ਰਾਹੀਂ ਕਰਨ ਦੀ ਗੱਲ ਤਹਿ ਕਰਕੇ ਹਰ ਤਰ੍ਹਾਂ ਦਾ ਗੈਰ ਕਾਨੂੰਨੀ ਅਤੇ ਗ਼ਲਤ ਕੰਮ ਕਰਨ ਲਈ ਕਹਿੰਦੇ ਹੋਏ ਕਿਹਾ ਕਿ ਕਿਸੇ ਦੀ ਪਰਵਾਹ ਨਹੀਂ ਕਰਨੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਪਿੱਛੋਂ ਸਿਹਤ ਵਿਭਾਗ ਦੇ ਅਧਿਕਾਰੀ ਦਾ ਇਹ ਕਥਿਤ ਸਰਕਾਰੀ ਡਰਾਇਵਰ 70 ਹਜ਼ਾਰ ਰੁਪਏ ਦੀ ਮੰਗ ਕਰਨ ਲੱਗ ਪਿਆ ਜਿਸ ਦੀ ਸੂਚਨਾ ਮੈਂ ਵਿਜੀਲੈਂਸ ਦੇ ਆਈ. ਜੀ. ਨੂੰ ਦਿੱਤੀ ਅਤੇ ਉਨ੍ਹਾਂ ਵੱਲੋਂ ਗਠਿਤ ਕੀਤੀ ਡੀ.ਐੱਸ.ਪੀ ਵਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਟੀਮ ਨੇ ਮੇਰੇ ਤੋਂ ਪੈਸੇ ਲੈਣ ਆਏ 2 ਪੰਜਾਬ ਦੇ ਅਤੇ 2 ਹਰਿਆਣਾਂ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ। ਜਿਨ੍ਹਾਂ ਵਿਚ ਇਕ ਸਿਹਤ ਅਤੇ ਪਰਿਵਾਰ ਭਲਾਈ ਅਫਸਰ ਵੀ ਸ਼ਾਮਲ ਹੈ।
ਇਸ ਮਾਮਲੇ ਬਾਰੇ ਵਰਿੰਦਰ ਸਿੰਘ ਗਿੱਲ ਡੀ.ਐੱਸ.ਪੀ. ਵਿਜੀਲੈਸ ਬਿਓਰੋ ਨੇ ਦੱਸਿਆ ਕਿ ਪਾਤੜਾਂ ਦੇ ਇਕ ਪ੍ਰਾਈਵੇਟ ਡਾਕਟਰ ਦੀ ਸ਼ਕਾਇਤ 'ਤੇ 70 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਸਿਹਤ ਵਿਭਾਗ ਦੇ 4 ਕਰਮਚਾਰੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਨ੍ਹਾਂ ਦੇ ਨਾਮ ਬਾਅਦ ਵਿਚ ਜਨਤਕ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਥਿਤ ਦੋਸ਼ੀਆਂ ਖ਼ਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਪੜਤਾਲ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।