ਦਵਾਈਆਂ ਅਤੇ ਸਟਾਫ਼ ਦੀ ਘਾਟ ਕਾਰਨ ਸਿਹਤ ਕੇਂਦਰ ''ਬੀਮਾਰ''
Monday, Mar 12, 2018 - 02:19 AM (IST)
ਸੰਗਰੂਰ/ਸੰਦੌੜ/ਮਾਲੇਰਕੋਟਲਾ, (ਬੇਦੀ, ਰਿਖੀ, ਜ਼ਹੂਰ)— ਸਿੱਖਿਆ ਅਤੇ ਸਿਹਤ ਹੀ ਬੁਨਿਆਦੀ ਸਹੂਲਤਾਂ ਹਨ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਅਮਲੀ ਤੌਰ 'ਤੇ ਪੂਰਾ ਕਰਨਾ ਹਰ ਸਰਕਾਰ ਦਾ ਪਹਿਲਾ ਫਰਜ਼ ਹੈ ਪਰ ਸੂਬੇ 'ਚ ਠੇਕੇ ਦੀ ਭਰਤੀ ਅਤੇ ਆਏ ਦਿਨ ਹੁੰਦੇ ਨਵੇਂ ਤਜਰਬਿਆਂ ਨੇ ਸਿੱਖਿਆ ਪ੍ਰਣਾਲੀ ਦਾ ਮਾਹੌਲ ਅਣਸੁਖਾਵਾਂ ਕੀਤਾ ਹੋਇਆ ਹੈ, ਜਿਸ ਦੀ ਗਵਾਹੀ ਸਿੱਖਿਆ ਵਿਭਾਗ ਦੇ ਹਜ਼ਾਰਾਂ ਅਧਿਆਪਕ ਰੋਸ ਪ੍ਰਦਰਸ਼ਨਾਂ ਰਾਹੀਂ ਭਰ ਰਹੇ ਹਨ। ਦੂਜੇ ਪਾਸੇ ਹਨ ਸਿਹਤ ਸਹੂਲਤਾਂ, ਜਿਨ੍ਹਾਂ 'ਚ ਭਾਵੇਂ ਕਾਂਗਰਸ ਸਰਕਾਰ ਆਉਣ 'ਤੇ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਜਾਪਦਾ ਹੈ ਪਰ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਸਹੂਲਤਾਂ ਹਨ, ਜਿਹੜੀਆਂ ਪੂਰੀਆਂ ਕਰਨੀਆਂ ਬਣਦੀਆਂ ਹਨ।
ਸਰਕਾਰੀ ਹਸਪਤਾਲਾਂ 'ਚ ਆਪਣੇ ਇਲਾਜ ਲਈ ਜਾਣ ਵਾਲੇ ਇਕਬਾਲ, ਜਸਵੀਰ ਸਿੰਘ, ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ 'ਚ ਦਵਾਈ ਲੈਣ ਜਾਂਦੇ ਹਾਂ ਉਥੇ ਚੈੱਕਅਪ ਤੋਂ ਬਾਅਦ ਡਾਕਟਰ ਦੁਆਰਾ ਲਿਖੀ ਹੋਈ ਬਹੁਤੀ ਦਵਾਈ ਬਾਹਰੋਂ ਲਿਆਉਣੀ ਪੈਂਦੀ ਹੈ। ਅੰਦਰੋਂ ਪੂਰੀਆਂ ਦਵਾਈਆਂ ਨਹੀਂ ਮਿਲਦੀਆਂ। ਜਿਹੜੀਆਂ ਦਵਾਈਆਂ ਅੰਦਰੋਂ ਮਿਲਦੀਆਂ ਹਨ, ਉਹ ਸਸਤੀਆਂ ਜਾਂ ਆਮ ਹੁੰਦੀਆਂ ਹਨ । ਸਾਰੇ ਹਸਪਤਾਲਾਂ 'ਚ ਦਵਾਈ ਮੁਫਤ ਮੁਹੱਈਆ ਹੋਣੀ ਚਾਹੀਦੀ ਹੈ।
ਡਾਕਟਰਾਂ ਦੀਆਂ ਅਸਾਮੀਆਂ ਖਾਲੀ
ਜ਼ਿਲੇ ਦੇ ਸਿਵਲ ਹਸਪਤਾਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ 'ਚ ਮਾਹਰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪਿੰਡਾਂ ਦੇ ਲੋਕਾਂ ਨੂੰ ਮਲੇਰੀਆ, ਡੇਂਗੂ ਆਦਿ ਵਰਗੀਆਂ ਬੀਮਾਰੀਆਂ ਤੋਂ ਬਚਾਉਣ ਲਈ ਮੁੱਖ ਭੂਮਿਕਾ ਅਦਾ ਕਰਨ ਵਾਲੇ ਮੇਲ ਸਿਹਤ ਵਰਕਰਾਂ ਦੀਆਂ ਅਸਾਮੀਆਂ ਵੀ ਨਾ-ਮਾਤਰ ਹੀ ਭਰੀਆਂ ਹਨ। ਜ਼ਿਲੇ 'ਚ ਮੇਲ ਸਿਹਤ ਵਰਕਰਾਂ ਦੀਆਂ ਖਾਲੀ ਅਸਾਮੀਆਂ ਵਿਚ ਮੁੱਢਲਾ ਸਿਹਤ ਕੇਂਦਰ ਲੌਂਗੋਵਾਲ ਵਿਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 24 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 7 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ਵਿਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 24 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 5 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਕੌਹਰੀਆਂ ਵਿਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 34 ਅਸਾਮੀਆਂ ਹਨ, ਜਿਨ੍ਹਾਂ 'ਚੋਂ 18 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਸ਼ੇਰਪੁਰ ਵਿਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 24 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 10 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਭਵਾਨੀਗੜ੍ਹ 'ਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 17 ਅਸਾਮੀਆਂ ਹਨ, ਜਿਨ੍ਹਾਂ 'ਚੋਂ 8 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਪੰਜਗਰਾਈਆਂ 'ੱਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 26 ਅਸਾਮੀਆਂ ਹਨ, ਜਿਨ੍ਹਾਂ 'ਚੋਂ 13 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਮੂਨਕ 'ਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 34 ਅਸਾਮੀਆਂ ਹਨ, ਜਿਨ੍ਹਾਂ 'ਚੋਂ 26 ਖਾਲੀ ਹਨ।
ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ 'ਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 14 ਅਸਾਮੀਆਂ ਹਨ, ਜਿਨ੍ਹਾਂ 'ਚੋਂ 2 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਧਨੌਲਾ ਵਿਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 33 ਅਸਾਮੀਆਂ ਹਨ, ਜਿਨ੍ਹਾਂ 'ਚੋਂ 10 ਖਾਲੀ ਹਨ, ਮੁੱਢਲਾ ਸਿਹਤ ਕੇਂਦਰ ਤਪਾ 'ਚ ਹੈਲਥ ਵਰਕਰਾਂ ਮੇਲ ਦੀਆਂ ਕੁੱਲ 19 ਅਸਾਮੀਆਂ ਹਨ, ਜਿਨ੍ਹਾਂ ਵਿਚੋਂ 5 ਖਾਲੀ ਹਨ।
