ਖ਼ੁਦ ਨੂੰ ਵਕੀਲ ਦੱਸ ਕੇ ਐਕਸੀਡੈਂਟ ਪੀੜਤ ਦੀ ਧੀ ਨਾਲ ਦਰਿੰਦਗੀ ਦੀਆਂ ਟੱਪੀਆਂ ਹੱਦਾਂ
Monday, Apr 17, 2023 - 07:44 PM (IST)
 
            
            ਸਾਹਨੇਵਾਲ (ਜਗਰੂਪ) : ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਇੰਸ਼ੋਰੈਂਸ ਕਲੇਮ ਦਿਵਾਉਣ ਦਾ ਝਾਂਸਾ ਦੇ ਕੇ ਖੁਦ ਨੂੰ ਵਕੀਲ ਦੱਸ ਕੇ ਪੀੜਤ ਦੀ ਨਾਬਾਲਗ ਲੜਕੀ ਨਾਲ ਕਥਿਤ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ਵਾਲੇ ਨੌਸਰਬਾਜ਼ ਖਿਲਾਫ਼ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਕਾਕਾ ਕਾਲੋਨੀ, ਜੁਗਿਆਣਾ ਦੇ ਰਹਿਣ ਵਾਲੇ ਇਕ 41 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ ਇਕ ਟਾਇਰ ਫੈਕਟਰੀ ’ਚ ਕੰਮ ਕਰਦਾ ਹੈ। ਉਸ ਦੀ ਪਤਨੀ ਘਰੇਲੂ ਕੰਮਕਾਜ ਕਰਦੀ ਹੈ। ਉਸ ਦੀਆਂ 7 ਲੜਕੀਆਂ ਹਨ। ਵੱਡੀ ਲੜਕੀ ਦਾ ਵਿਆਹ ਹੋ ਚੁੱਕਾ ਹੈ, 2 ਲੜਕੀਆਂ ਉਸ ਦੇ ਮਾਤਾ-ਪਿਤਾ ਕੋਲ ਰਹਿੰਦੀਆਂ ਹਨ ਅਤੇ ਬਾਕੀ 4 ਲੜਕੀਆਂ ਉਸ ਕੋਲ ਰਹਿੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਹੋਟਲਾਂ, ਮੈਰਿਜ ਪੈਲੇਸਾਂ ਤੇ ਰਿਜ਼ਾਰਟਸ ’ਚ ਸ਼ਰਾਬ ਦੀ ਵਿਕਰੀ ਦੇ ਰੇਟ ਕੀਤੇ ਫਿਕਸ
ਸ਼ਿਕਾਇਤਕਰਤਾ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਦਾ ਕਲੇਮ ਲੈਣ ਲਈ ਰਜਿੰਦਰ ਸਿੰਘ ਉਰਫ ਗੋਰਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਹਾਲ ਵਾਸੀ ਜਰਨੈਲ ਸਿੰਘ ਦਾ ਵਿਹੜਾ, ਗ੍ਰੀਨ ਐਵੇਨਿਊ, ਪੱਖੋਵਾਲ ਰੋਡ, ਲੁਧਿਆਣਾ ਨੇ ਹਰਵਿੰਦਰ ਸਿੰਘ ਨਾਂ ਦੇ ਵਕੀਲ ਨਾਲ ਮਿਲਵਾਇਆ, ਜਿਸ ਕਾਰਨ ਸ਼ਿਕਾਇਤਕਰਤਾ ਦੇ ਕਲੇਮ ਕੇਸ ਦੀ ਪੈਰਵੀ ਹਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਪਰ ਰਜਿੰਦਰ ਸਿੰਘ ਉਰਫ ਗੋਰਾ ਵੀ ਖੁਦ ਨੂੰ ਵਕੀਲ ਦੱਸਦਾ ਸੀ ਅਤੇ ਅਕਸਰ ਹੀ ਚੈਂਬਰ ਨੰ. 605 ’ਚ ਆਪਣਾ ਕੈਬਿਨ ਕਹਿ ਕੇ ਲੈ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਇਕ 16 ਸਾਲਾ ਲੜਕੀ, ਜੋ ਓਪਨ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਕਰ ਰਹੀ ਹੈ, ਨੂੰ ਆਪਣੇ ਨਾਲ ਕੇਸ ਦੀ ਪੈਰਵੀ ਲਈ ਲੈ ਜਾਂਦਾ ਸੀ। ਲੱਗਭਗ 4 ਮਹੀਨੇ ਪਹਿਲਾਂ ਉਕਤ ਰਜਿੰਦਰ ਗੋਰਾ ਨੇ ਕਿਹਾ ਕਿ ਤੁਸੀਂ ਗਰੀਬ ਆਦਮੀ ਹੋ। ਮੈਂ ਤੁਹਾਡੀ ਲੜਕੀ ਨੂੰ ਆਪਣੇ ਕੋਲ ਕੰਮ ’ਤੇ ਰੱਖ ਲੈਂਦਾ ਹਾਂ, ਜਿਸ ਤੋਂ ਬਾਅਦ ਰਜਿੰਦਰ ਗੋਰਾ ਨੇ ਲੜਕੀ ਨੂੰ ਕੰਮ ’ਤੇ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਰੋਜ਼ਾਨਾ 500 ਰੁਪਏ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਸ਼ਿਕਾਇਤਕਰਤਾ ਕਾਫੀ ਜ਼ਿਆਦਾ ਬੀਮਾਰ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਤੋਂ ਇਲਾਜ ਕਰਵਾਉਣਾ ਪਿਆ। ਸ਼ਿਕਾਇਤਕਰਤਾ ਨੂੰ ਬਾਥਰੂਮ ਲਈ ਪਾਈਪ ਲੱਗਣ ਕਾਰਨ 10 ਦਿਨ ਪਹਿਲਾਂ ਰਜਿੰਦਰ ਸਿੰਘ ਹਾਲ-ਚਾਲ ਪੁੱਛਣ ਆਇਆ ਅਤੇ ਇਹ ਕਹਿ ਆਪਣੇ ਘਰ ਲੈ ਗਿਆ ਕਿ ਚੰਗੀ ਦੇਖਭਾਲ ਨਾਲ ਜਲਦੀ ਆਰਾਮ ਮਿਲੇਗਾ। ਰਜਿੰਦਰ ਗੋਰਾ ਉਕਤ ਘਰ ’ਚ ਇਕੱਲਾ ਹੀ ਰਹਿੰਦਾ ਸੀ ਅਤੇ ਦੂਜਾ ਉਸ ਦਾ ਇਕ ਨੌਕਰ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਨਵਜੋਤ ਸਿੱਧੂ ਦੇ ਘਰ ਦੀ ਛੱਤ ’ਤੇ ਦਿਖਿਆ ਸ਼ੱਕੀ ਵਿਅਕਤੀ, ਟਵੀਟ ਕਰਕੇ ਕਹੀ ਇਹ ਗੱਲ
ਇਸ ਦੌਰਾਨ ਰਜਿੰਦਰ ਸ਼ਿਕਾਇਤਕਰਤਾ ਦੀ ਲੜਕੀ ਨੂੰ ਆਪਣੇ ਨਾਲ ਕੋਰਟ ਲੈ ਜਾਂਦਾ ਅਤੇ ਨਾਲ ਹੀ ਵਾਪਸ ਲੈ ਆਉਂਦਾ। ਇਕ ਰਾਤ ਰਜਿੰਦਰ ਗੋਰਾ ਸ਼ਿਕਾਇਤਕਰਤਾ ਦੀ ਨਾਬਾਲਗ ਲੜਕੀ ਨੂੰ ਆਪਣੇ ਕਮਰੇ ’ਚ ਲੈ ਗਿਆ, ਜਿਸ ਬਾਰੇ ਸ਼ਿਕਾਇਤਕਰਤਾ ਨੂੰ ਜਾਗ ਆਉਣ ’ਤੇ ਪਤਾ ਚੱਲਿਆ ਤਾਂ ਦੂਜੀ ਸਵੇਰੇ ਉਸ ਨੇ ਆਪਣੀ ਲੜਕੀ ਨੂੰ ਇਸ ਬਾਰੇ ਪੁੱਛਿਆ। ਨਾਬਾਲਗਾ ਨੇ ਦੱਸਿਆ ਕਿ ਉਕਤ ਰਜਿੰਦਰ ਸਿੰਘ ਉਸ ਨੂੰ ਕੋਈ ਨਸ਼ੀਲਾ ਪਦਾਰਥ ਖੁਆ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਵਿਰੋਧ ਕਰਨ ’ਤੇ ਕਲੇਮ ਦੇ ਪੈਸੇ ਨਾ ਲੈ ਕੇ ਦੇਣ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਇਸ ਤੋਂ ਬਾਅਦ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਸ਼ਿਕਾਇਤਕਰਤਾ ਆਪਣੀ ਲੜਕੀ ਨੂੰ ਲੈ ਕੇ ਸ਼ਨੀਵਾਰ ਨੂੰ ਵਾਪਸ ਆਪਣੇ ਘਰ ਆ ਗਿਆ। ਗਰੀਬੀ ਅਤੇ ਲਾਚਾਰੀ ਕਾਰਨ ਉਸ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਸੋਮਵਾਰ ਦੀ ਸਵੇਰ ਨਾਬਾਲਗਾ ਕੰਮ ਲਈ ਕੋਰਟ ਚਲੀ ਗਈ ਅਤੇ ਵਾਪਸ ਨਹੀਂ ਪਰਤੀ।
ਜਦੋਂ ਇਸ ਬਾਰੇ ਰਜਿੰਦਰ ਸਿੰਘ ਗੋਰਾ ਨੂੰ ਪੁੱਛਿਆ ਗਿਆ ਤਾਂ ਉਸ ਨੇ ਕੋਈ ਜਾਣਕਾਰੀ ਹੋਣ ਤੋਂ ਕੋਰਾ ਇਨਕਾਰ ਕਰ ਦਿੱਤਾ, ਜਿਸ ਕਾਰਨ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਸ਼ਿਕਾਇਤ ’ਤੇ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਰਜਿੰਦਰ ਗੋਰਾ ਖਿਲਾਫ ਜਬਰ-ਜ਼ਿਨਾਹ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।
ਪਹਿਲਾਂ ਵੀ ਬਲਾਤਕਾਰ ਤੇ ਹੋਰ ਮਾਮਲੇ ਦਰਜ
ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਜਿੰਦਰ ਗੋਰਾ ਸ਼ਾਤਿਰ ਕਿਸਮ ਦਾ ਇਨਸਾਨ ਹੈ, ਜਿਸ ਦੇ ਖਿਲਾਫ਼ ਪਹਿਲਾਂ ਵੀ ਰੇਪ, ਐੱਨ. ਡੀ. ਪੀ. ਐੱਸ. ਸਮੇਤ ਹੋਰ ਧਾਰਾਵਾਂ ਤਹਿਤ ਗੰਭੀਰ ਮਾਮਲੇ ਦਰਜ ਹਨ। ਪੁਲਸ ਵੱਲੋਂ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            