ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

Friday, May 06, 2022 - 09:23 PM (IST)

ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਲੁਧਿਆਣਾ (ਰਾਜ) : ਕਰਨਾਲ ਪੁਲਸ ਵਲੋਂ ਬਰਤਾੜਾ ਟੋਲ ਪਲਾਜ਼ਾ ’ਤੇ ਇਨੋਵਾ ਕਾਰ ਸਵਾਰ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਤੋਂ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਵਿਸਫੋਟਕ ਸਾਮਾਨ ਬਰਾਮਦ ਹੋਇਆ ਹੈ। ਫੜੇ ਗਏ ਮੁਲਜ਼ਮ ਗੁਰਪ੍ਰੀਤ, ਅਮਨਦੀਪ ਅਤੇ ਪਰਮਿੰਦਰ ਜ਼ਿਲ੍ਹਾ ਫਿਰੋਜ਼ਪੁਰ ਦੇ ਹਨ, ਜਦਕਿ ਮੁਲਜ਼ਮ ਭੁਪਿੰਦਰ ਸਿੰਘ ਉਰਫ ਗੋਪੀ ਲੁਧਿਆਣਾ ਸਲੇਮ ਟਾਬਰੀ ਦੇ ਪਿੰਡ ਭੱਟੀਆਂ ਬੇਟ ਦਾ ਰਹਿਣ ਵਾਲਾ ਹੈ। ਕਰਨਾਲ ਪੁਲਸ ਵਲੋਂ ਫੜੇ ਜਾਣ ਦੀ ਖ਼ਬਰ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਸ ਵੀ ਸਰਗਰਮ ਹੋ ਗਈ ਹੈ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਸਮੇਤ ਕ੍ਰਾਈਮ ਬ੍ਰਾਂਚ ਅਤੇ ਬੰਬ ਨਿਰੋਧਕ ਦਸਤਾ ਭੁਪਿੰਦਰ ਦੇ ਘਰ ਪੁੱਜ ਗਿਆ। ਪੁਲਸ ਨੇ ਭੁਪਿੰਦਰ ਦੇ ਪਰਿਵਾਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਦਕਿ ਬਾਕੀ ਟੀਮਾਂ ਨੇ ਘਰ ’ਚ ਸਰਚ ਕੀਤੀ ਅਤੇ ਨੇੜੇ ਦੇ ਇਲਾਕਿਆਂ ਵਿਚ ਤਲਾਸ਼ੀ ਲਈ। ਦਰਅਸਲ, ਭੁਪਿੰਦਰ ਦੇ ਪਿਤਾ ਦਾ ਪਹਿਲਾਂ ਕੇਬਲ ਦਾ ਨੈੱਟਵਰਕ ਦਾ ਕੰਮ ਸੀ। ਹੁਣ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਜਦਕਿ ਇਕ ਗੱਡੀ ਬਿਜਲੀ ਬੋਰਡ ’ਚ ਬਤੌਰ ਕਿਰਾਏ ’ਤੇ ਦਿੱਤੀ ਹੋਈ ਹੈ, ਜੋ ਕਿ ਰੇਡ ਪਾਰਟੀ ਨਾਲ ਜਾਂਦੀ ਹੈ।

ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ

PunjabKesari

ਭੁਪਿੰਦਰ ਖੁਦ ਜੋਧੇਵਾਲ ਬਸਤੀ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਜਿਸ ਨੇ 12ਵੀਂ ਕੀਤੀ ਹੋਈ ਹੈ। ਬੁੱਧਵਾਰ ਨੂੰ ਉਹ ਪਰਿਵਾਰ ਵਾਲਿਆਂ ਨੂੰ ਇਹੀ ਕਹਿ ਕੇ ਗਿਆ ਸੀ ਕਿ ਉਹ ਦੋਸਤਾਂ ਨਾਲ ਹਜ਼ੂਰ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਮੀਡੀਆ ਰਿਪੋਰਟ ਤੋਂ ਪਤਾ ਲੱਗਾ ਕਿ ਉਨ੍ਹਾਂ ਦਾ ਬੇਟਾ ਆਪਣੇ ਦੋਸਤਾਂ ਨਾਲ ਫੜਿਆ ਗਿਆ ਹੈ ਅਤੇ ਉਨ੍ਹਾਂ ਦੀ ਗੱਡੀ ’ਚੋਂ ਕੁਝ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ। ਪਿੰਡ ਭੱਟੀਆਂ ਬੇਟ ਦੇ ਸਾਬਕਾ ਸਰਪੰਚ ਨਿਰਭੈ ਸਿੰਘ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਇਸ ਤਰ੍ਹਾਂ ਦਾ ਬੰਦਾ ਨਹੀਂ ਹੈ। ਪੂਰਾ ਪਰਿਵਾਰ ਚੰਗਾ ਹੈ ਅਤੇ ਮਿਲਣਸਾਰ ਹੈ। ਉਨ੍ਹਾਂ ਨੇ ਸ਼ੱਕ ਪ੍ਰਗਟ ਕੀਤਾ ਕਿ ਕਿਤੇ ਨਾ ਕਿਤੇ ਭੁਪਿੰਦਰ ਨੂੰ ਫਸਾਇਆ ਜਾ ਰਿਹਾ ਹੈ। ਕਰਨਾਲ ਵਿਚ ਕੀ ਹਾਲਾਤ ਬਣੇ ਅਤੇ ਕੀ ਸਾਮਾਨ ਭੁਪਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਬਰਾਮਦ ਹੋਇਆ ਇਸ ਬਾਰੇ ਤਾਂ ਉਹ ਕੁਝ ਨਹੀਂ ਕਹਿ ਸਕਦੇ ਪਰ ਪੂਰਾ ਪਰਿਵਾਰ ਚੰਗੇ ਤਰੀਕੇ ਨਾਲ ਰਹਿੰਦਾ ਹੈ। ਇਸ ਤਰ੍ਹਾ ਨਹੀਂ ਲੱਗਾ ਕਿ ਕੋਈ ਉਨ੍ਹਾਂ ਦੇ ਘਰ ਸ਼ੱਕੀ ਲੋਕਾਂ ਦਾ ਆਉਣਾ-ਜਾਣਾ ਹੈ।

ਇਹ ਵੀ ਪੜ੍ਹੋ : ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਪੁਲਸ ਦੀ ਵੱਡੀ ਕਾਰਵਾਈ, ਕਰਨਾਲ ਜੇਲ ’ਚੋਂ ਗੈਂਗਸਟਰ ਭੂਪੀ ਰਾਣਾ ਨੂੰ ਲਿਆ ਵਾਰੰਟ ’ਤੇ

PunjabKesari

ਢਾਈ ਘੰਟੇ ਚੱਲੀ ਸਰਚ
ਭੁਪਿੰਦਰ ਸਿੰਘ ਦੇ ਘਰ ਦਾ ਪਤਾ ਲੱਗਦੇ ਹੀ ਪੁਲਸ ਦੀਆਂ ਗੱਡੀਆਂ ਦਾ ਕਾਫਿਲਾ ਹੂਟਰ ਮਾਰਦਾ ਹੋਇਆ ਉਸ ਦੇ ਘਰ ਦੇ ਬਾਹਰ ਜਾ ਧਮਕਿਆ। ਇਕਦਮ ਇੰਨੀ ਪੁਲਸ ਦੇਖ ਕੇ ਇਲਾਕੇ ਦੇ ਲੋਕ ਵੀ ਦਹਿਸ਼ਤ ਵਿਚ ਆ ਗਏ। ਸੀਨੀਅਰ ਪੁਲਸ ਅਧਿਕਾਰੀਆਂ ਨਾਲ ਕ੍ਰਾਈਮ ਬ੍ਰਾਂਚ, ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਾ ਵੀ ਸੀ। ਸਰਚ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਜਾਂ ਸਾਮਾਨ ਨਹੀਂ ਮਿਲਿਆ।

ਇਹ ਵੀ ਪੜ੍ਹੋ : ਬਲਾਤਕਾਰ ਮਾਮਲੇ ’ਚ ਫਸੇ ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ’ਚ ਲੱਗੇ ਪੋਸਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News