ਮੌਤ ਦੀ ਪ੍ਰਵਾਹ ਨਾ ਕਰਦਿਆਂ ਹੌਲਦਾਰ ਨੇ ਬਚਾਈਆਂ 4 ਜਾਨਾਂ
Tuesday, Sep 21, 2021 - 08:51 PM (IST)
ਮਾਲੇਰਕੋਟਲਾ (ਯਾਸੀਨ, ਜੋਸ਼ੀ)-ਪਿੰਡ ਮਾਹੋਰਾਣਾ ਵਿਖੇ ਬੀਤੀ ਰਾਤ ਪਿੰਡ ਲੱਛਾਬੱਦੀ ਤੋਂ ਨਹਿਰ ਦੀ ਪਟੜੀ ’ਤੇ ਆ ਰਹੀ ਕਾਰ ਅਚਾਨਕ ਮਾਹੋਰਾਣਾ ਨੇੜੇ ਸਲਿੱਪ ਹੋਣ ਕਾਰਨ ਨਹਿਰ ’ਚ ਜਾ ਡਿਗੀ, ਜਿਸ ’ਚ ਪਤੀ-ਪਤਨੀ ਤੋਂ ਇਲਾਵਾ ਦੋ ਬੱਚੇ ਸਵਾਰ ਸਨ। ਇਨ੍ਹਾਂ ਨੂੰ ਪੰਜਾਬ ਪੁਲਸ ਦੇ ਮੁਲਾਜ਼ਮ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਨਹਿਰ ’ਚ ਛਾਲ ਮਾਰ ਕੇ ਸਹੀ-ਸਲਾਮਤ ਬਾਹਰ ਕੱਢਿਆ, ਜਿਸ ਦੀ ਚਾਰ-ਚੁਫੇਰੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁਲਸ ਮੁਲਾਜ਼ਮ ਨੂੰ ਸਰਕਾਰ ਸਨਮਾਨਿਤ ਕਰੇ । ਕਾਰ ਚਾਲਕ ਦੀ ਪਤਨੀ ਜੱਸੀ ਨੇ ਦੱਸਿਆ ਕਿ ਪੁਰਾਣੀ ਕਾਰ ਖ਼ਰੀਦਣ ਦੀ ਖ਼ੁਸ਼ੀ ’ਚ ਉਹ ਆਪਣੇ ਪਤੀ, ਭਤੀਜੇ ਤੇ ਭਾਣਜੇ ਨਾਲ ਆਪਣੀ ਭੈਣ ਨੂੰ ਮਠਿਆਈ ਦਾ ਡੱਬਾ ਦੇ ਕੇ ਲੱਛਾਬੱਦੀ ਤੋਂ ਵਾਪਸ ਆਪਣੇ ਪਿੰਡ ਹਰੀਗੜ੍ਹ ਨੂੰ ਜਾ ਰਹੇ ਸੀ ਕਿ ਅਚਾਨਕ ਮਾਹੋਰਾਣਾ ਨੇੜੇ ਸੜਕ ਵਿਚਾਲੇ ਦਰੱਖਤ ਖੜ੍ਹੇ ਹੋਣ ਕਾਰਨ ਨਹਿਰ ਦੀ ਪਟੜੀ ਤੋਂ ਗੁਜ਼ਰਦੇ ਹੋਏ ਕਾਰ ਸਲਿੱਪ ਕਰ ਕੇ ਨਹਿਰ ’ਚ ਜਾ ਡਿੱਗੀ, ਜਿਸ ਨੂੰ ਉਸ ਦਾ ਪਤੀ ਅੱਲ੍ਹਾ ਰਾਖਾ ਚਲਾ ਰਿਹਾ ਸੀ।
ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਉੱਪਰ ਰੱਖਣ : ਸ਼੍ਰੋਮਣੀ ਅਕਾਲੀ ਦਲ
ਉਸ ਨੇ ਦੱਸਿਆ ਕਿ ਕਾਰ ਪਾਣੀ ’ਚ ਡਿੱਗਣ ਨਾਲ ਲੌਕ ਹੋਈਆਂ ਟਾਕੀਆਂ ਨੂੰ ਉਸ ਦੇ ਭਾਣਜੇ ਪ੍ਰਿੰਸ ਨੇ ਬੜੀ ਹੀ ਮੁਸ਼ਕਿਲ ਨਾਲ ਖੋਲ੍ਹਿਆ। ਪਾਣੀ ’ਚ ਰੁੜ੍ਹਦੇ ਸਮੇਂ ਸਾਡਾ ਚੀਕ ਚਿਹਾੜਾ ਸੁਣ ਆਖਿਰਕਾਰ ਪੁਲਸ ਮੁਲਾਜ਼ਮ ਗੁਰਨਾਮ ਸਿੰਘ ਨੇ ਆਪਣੀ ਜਾਨ ਜੋਖ਼ਮ ’ਚ ਪਾ ਨਹਿਰ ’ਚ ਛਾਲ ਮਾਰ ਕੇ ਸਾਨੂੰ ਬਾਹਰ ਕੱਢ ਕੇ ਸਾਡੀ ਜਾਨ ਬਚਾਈ। ਆਰਜ਼ੀ ਤੌਰ ’ਤੇ ਅੰਮ੍ਰਿਤਸਰ ਤੋਂ ਡਿਊਟੀ ’ਤੇ ਮਾਹੋਰਾਣਾ ਆਏ ਪੁਲਸ ਮੁਲਾਜ਼ਮ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦੋਂ ਉਹ ਡਿਊਟੀ ’ਤੇ ਤਾਇਨਾਤ ਸੀ ਤਾਂ ਉਸ ਨੇ ਰੋਣ-ਕੁਰਲਾਉਣ ਦੀ ਆਵਾਜ਼ ਸੁਣੀ ਤਾਂ ਜਾ ਕੇ ਦੇਖਿਆ ਕੁਝ ਲੋਕ ਪਾਣੀ ’ਚ ਰੁੜ੍ਹ ਰਹੇ ਸਨ, ਜਿਨ੍ਹਾਂ ਨੂੰ ਮੈਂ ਇਨਸਾਨੀਅਤ ਨਾਤੇ ਨਹਿਰ ’ਚ ਛਾਲ ਮਾਰ ਕੇ ਸਹੀ-ਸਲਾਮਤ ਬਾਹਰ ਕੱਢ ਲਿਆਂਦਾ।
ਨਹਿਰ ’ਚੋਂ ਜੇ. ਸੀ. ਬੀ. ਦੀ ਮਦਦ ਨਾਲ ਕਾਰ ਕੱਢਣ ਮੌਕੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਚਾਲੇ ਦਰੱਖਤ ਖੜ੍ਹੇ ਹੋਣ ਕਾਰਨ ਅਕਸਰ ਹੀ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਕਈ ਰਾਹਗੀਰ ਤਾਂ ਆਪਣੀ ਜਾਨ ਵੀ ਗੁਆ ਚੁੱਕੇ ਹਨ ਪਰ ਸਬੰਧਤ ਮਹਿਕਮਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।