ਦੋ-ਫਾੜ ਇਨੈਲੋ, ਦਾਦਾ ਚੌਟਾਲਾ ਨੇ ਪੋਤਿਆਂ ਨੂੰ ਕੱਢਿਆ ਪਾਰਟੀ ਵਿਚੋਂ ਬਾਹਰ

11/02/2018 8:09:27 PM

ਚੰਡੀਗੜ੍ਹ (ਏਜੰਸੀ)- ਇੰਡੀਅਨ ਨੈਸ਼ਨਲ ਲੋਕ ਦਲ ਅਤੇ ਚੌਟਾਲਾ ਪਰਿਵਾਰ ਵਿਚ ਚੱਲ ਰਹੇ ਵਿਵਾਦ ਦਰਮਿਆਨ ਸ਼ੁੱਕਰਵਾਰ ਨੂੰ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋਵੇਂ ਪੋਤਿਆਂ ਨੂੰ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਦੋਹਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ ਅਤੇ ਸੰਸਦ ਵਿਚ ਪਾਰਟੀ ਦੀ ਸੰਸਦੀ ਕਮੇਟੀ ਦੀ ਅਗਵਾਈ ਤੋਂ ਵੀ ਹਟਾ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਨੈਲੋ ਪਰਿਵਾਰ ਦੀ ਖਿੱਚ ਤਾਨ ਓਮ ਪ੍ਰਕਾਸ਼ ਚੌਟਾਲਾ ਦੇ ਜੇਲ ਜਾਣ ਤੋਂ ਬਾਅਦ ਸ਼ੁਰੂ ਹੋਈ ਸੀ ਕਿ ਸੱਤਾ ਕਿਸ ਨੂੰ ਦਿੱਤੀ ਜਾਵੇ। ਉਨ੍ਹਾਂ ਦੀ ਸੱਤਾ ਦੇ ਦੋ ਪ੍ਰਮੁੱਖ ਦਾਅਵੇਦਾਰ ਸਨ, ਉਨ੍ਹਾਂ ਤੋਂ ਇਕ ਛੋਟਾ ਅਭੈ ਚੌਟਾਲਾ ਅਤੇ ਦੂਜੀ ਵੱਡੇ ਬੇਟੇ ਦੀ ਨੂੰਹ ਨੈਨਾ ਚੌਟਾਲਾ ਸੀ। ਚੌਟਾਲਾ ਪਰਿਵਾਰ ਦੀ ਸੱਤਾ ਅਭੈ ਚੌਟਾਲਾ ਨੂੰ ਮਿਲੀ, ਇਸ ਤੋਂ ਬਾਅਦ ਕੁਝ ਮੌਕਿਆਂ 'ਤੇ ਪਰਿਵਾਰਕ ਵਿਵਾਦ ਸਾਹਮਣੇ ਆਉਂਦਾ ਰਿਹਾ। ਖੁਲ੍ਹ ਕੇ ਵਿਵਾਦ 7 ਅਕਤੂਬਰ ਨੂੰ ਗੋਹਾਨਾ ਵਿਚ ਹੋਈ ਰੈਲੀ ਵਿਚ ਸਾਹਮਣੇ ਆਇਆ। ਜਦੋਂ ਅਭੈ ਚੌਟਾਲਾ ਬੋਲਣ ਲੱਗੇ ਤਾਂ ਕੁਝ ਹਮਾਇਤੀ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੇ ਨਾਂ ਦੀ ਹੂਟਿੰਗ ਕਰਨ ਲੱਗੇ।

ਦੁਸ਼ਯੰਤ ਤੋਂ ਲੈ ਕੇ ਹੋਰ ਸਾਰੇ ਬੁਲਾਰਿਆਂ ਦੇ ਭਾਸ਼ਣ ਤੱਕ ਦੁਸ਼ਯੰਤ ਭਾਵੀ ਸੀ.ਐਮ. ਦੇ ਨਾਅਰੇ ਲੱਗਦੇ ਰਹੇ। ਅਖੀਰ ਵਿਚ ਸਾਬਕਾ ਸੀ.ਐਮ. ਓਮ ਪ੍ਰਕਾਸ਼ ਚੌਟਾਲਾ ਭਾਸ਼ਣ ਲਈ ਪਹੁੰਚੇ। ਕਿਹਾ ਜੇਕਰ ਨਾਅਰੇ ਹੀ ਲਗਾਉਣੇ ਹਨ ਤਾਂ ਵਾਪਸ ਚਲਾ ਜਾਂਦਾ ਹਾਂ। ਮੇਰੀ ਯਾਦਦਾਸ਼ਤ 'ਤੇ ਮੈਨੂੰ ਪੂਰਾ ਭਰੋਸਾ ਹੈ। ਮੈਂ ਦੇਖ ਲਿਆ ਹੈ ਕਿ ਕੌਣ ਕੀ ਕਰ ਰਿਹਾ ਹੈ। ਨਾਅਰੇ ਲਗਾਉਣ ਨਾਲ ਕੰਮ ਚੱਲਦਾ ਤਾਂ ਮੈਂ ਇਕੱਲਾ ਕਾਫੀ ਸੀ। ਮਾਹੌਲ ਖਰਾਬ ਕਰਨ ਵਾਲੇ ਜਾਂ ਤਾਂ ਸੁਧਰ ਜਾਣ, ਨਹੀਂ ਤਾਂ ਚੋਣਾਂ ਤੋਂ ਪਹਿਲਾਂ ਕੱਢ ਕੇ ਬਾਹਰ ਸੁੱਟ ਦਿਆਂਗਾ।


Related News