ਕਾਂਗਰਸ ਦਾ ਡੀ. ਐੱਨ. ਏ. ਹੋਇਆ ਤਾਂ ਭ੍ਰਿਸ਼ਟਾਚਾਰ ਦੇ ਦਾਗ ਸਾਫ ਦਿਖਾਈ ਦੇਣਗੇ

Wednesday, Feb 28, 2018 - 07:44 AM (IST)

ਕਾਂਗਰਸ ਦਾ ਡੀ. ਐੱਨ. ਏ. ਹੋਇਆ ਤਾਂ ਭ੍ਰਿਸ਼ਟਾਚਾਰ ਦੇ ਦਾਗ ਸਾਫ ਦਿਖਾਈ ਦੇਣਗੇ

ਬਠਿੰਡਾ(ਵਰਮਾ) - ਦੇਸ਼ ਦੇ ਪ੍ਰਸਿੱਧ ਤੇ ਇਤਿਹਾਸਕ ਧਾਰਮਕ ਸਥਾਨ ਵੈਸ਼ਨੋ ਦੇਵੀ ਲਈ ਜੰਮੂ ਤੱਕ ਜਹਾਜ਼ ਨੇ ਪਹਿਲੀ ਉਡਾਣ ਭਰੀ, ਜਿਸ 'ਚ 36 ਯਾਤਰੀ ਸਵਾਰ ਸਨ। ਇਸ ਫਲਾਈਟ ਦਾ ਉਦਘਾਟਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ, ਜਦਕਿ ਕਾਂਗਰਸ ਨੂੰ ਦਰਕਿਨਾਰ ਰੱਖਿਆ। ਜੈ ਮਾਤਾ ਦੀ ਦੇ ਜੈਕਾਰਿਆਂ 'ਚ ਯਾਤਰੀ ਸਵਾਰ ਹੋਏ ਤੇ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ।   ਉਦਘਾਟਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਡੀ. ਐੱਨ. ਏ. ਟੈਸਟ ਹੋਇਆ ਤਾਂ ਉਸ 'ਚ ਭ੍ਰਿਸ਼ਟਾਚਾਰ ਦੇ ਦਾਗ ਸਾਫ ਦਿਖਾਈ ਦੇਣਗੇ ਕਿਉਂਕਿ ਭ੍ਰਿਸ਼ਟਾਚਾਰ ਦੀ ਜਨਨੀ ਹੀ ਕਾਂਗਰਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਖੁਦ ਸਿਟੀ ਸੈਂਟਰ ਘਪਲੇ 'ਚ ਫਸ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਜਵਾਈ ਬੈਂਕ ਘਪਲੇ 'ਚ ਸਾਹਮਣੇ ਆਇਆ ਹੈ। ਪਹਿਲਾਂ ਕੇਂਦਰ 'ਚ ਕਾਂਗਰਸ ਦੇ ਵੱਡੇ-ਵੱਡੇ ਆਗੂ ਘਪਲੇ ਕਰਦੇ ਰਹੇ ਹਨ ਤੇ ਕਈ ਆਗੂ ਤਾਂ ਘਪਲਾ ਕਰਨ ਦੇ ਦੋਸ਼ 'ਚ ਜੇਲ ਤੱਕ ਦੀ ਹਵਾ ਖਾ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਗਿਆ ਕਿ ਪ੍ਰਦੇਸ਼ 'ਚ ਕੈਪਟਨ ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦੀਆਂ ਉਮੀਦਾਂ ਵੀ ਹੁਣ ਸਰਕਾਰ ਤੋਂ ਟੁੱਟ ਚੁੱਕੀਆਂ ਹਨ।
 ਪਹਿਲੀ ਉਡਾਣ 'ਚ ਵੈਸ਼ਨੋ ਦੇਵੀ ਯਾਤਰਾ ਲਈ ਜਾਣ ਵਾਲੀ ਭਗਤ ਬੀਰਬਲ ਬਾਂਸਲ ਤੇ ਸੰਜੀਵ ਕੁਮਾਰ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇਸ ਪਹਿਲੀ ਉਡਾਣ ਵਿਚ ਕੁਲ 36 ਯਾਤਰੀ ਜੰਮੂ ਲਈ ਰਵਾਨਾ ਹੋਏ ਤੇ ਇਸ 'ਚ ਜ਼ਿਆਦਾਤਰ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀ ਸਨ। ਕੁਝ ਯਾਤਰੀ ਆਪਣੇ ਵਪਾਰ ਸਬੰਧੀ ਜੰਮੂ ਜਾਣ ਲਈ ਸਵਾਰ ਹੋਏ ਹਨ।
  ਬਠਿੰਡਾ ਏਅਰਪੋਰਟ ਤੋਂ ਏਅਰ ਇੰਡੀਆ ਦੇ ਜਹਾਜ਼ ਨੇ ਮੰਗਲਵਾਰ ਨੂੰ ਸਵੇਰੇ 10.50 ਵਜੇ ਜਿਵੇਂ ਹੀ ਪਹਿਲੀ ਉਡਾਣ ਜੰਮੂ ਲਈ ਭਰੀ ਤਾਂ ਜਹਾਜ਼ 'ਚ ਸਵਾਰ ਭਗਤਾਂ ਨੇ ਜੈਕਾਰਾ ਲਾਇਆ। ਜਹਾਜ਼ 'ਚ ਸਵਾਰ ਬੀਰਬਲ ਨੇ ਦੱਸਿਆ ਕਿ ਇਕ ਘੰਟੇ 'ਚ ਜੰਮੂ ਪਹੁੰਚ ਗਏ ਤੇ ਸਫਰ ਦੌਰਾਨ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ।
ਉਦਘਾਟਨ ਦੌਰਾਨ ਕਿਸੇ ਨੂੰ ਵੀ ਹਰਸਿਮਰਤ ਕੌਰ ਬਾਦਲ ਤੇ ਜਹਾਜ਼ ਕੋਲ ਨਹੀਂ ਜਾਣ ਦਿੱਤਾ ਗਿਆ, ਇੱਥੋਂ ਤੱਕ ਕਿ ਮੀਡੀਆ ਨੂੰ ਵੀ ਦੂਰ ਹੀ ਰੱਖਿਆ ਗਿਆ। ਏਅਰਪੋਰਟ ਅਥਾਰਟੀ ਨੇ ਪੱਤਰਕਾਰਾਂ ਨੂੰ ਸੱਦਾ ਤਾਂ ਜ਼ਰੂਰ ਦਿੱਤਾ ਸੀ ਪਰ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਕੋਈ ਵੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ ਜਾ ਰਹੀ। ਇਥੋਂ ਤੱਕ ਕਿ ਪੱਤਰਕਾਰ ਫੋਟੋਗਰਾਫਰਾਂ ਨੂੰ ਵੀ ਉਦਘਾਟਨ ਦੀ ਫੋਟੋ ਖਿੱਚਣ ਤੋਂ ਮਨ੍ਹਾ ਕਰ ਦਿੱਤਾ ਗਿਆ। ਜਹਾਜ਼ ਉਡਣ ਤੋਂ ਬਾਅਦ ਜਿਵੇਂ ਹੀ ਹਰਸਿਮਰਤ ਕੌਰ ਬਾਦਲ ਵਾਪਸ ਮੁੜੀ ਤਾਂ ਉਹ ਮੀਡੀਆ ਦੇ ਰੂ-ਬਰੂ ਹੋਈ।


Related News