ਬਾਬਾ ਸਾਹਿਬ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫ਼ੀ ਮੰਗਣ ਕੇਂਦਰੀ ਗ੍ਰਹਿ ਮੰਤਰੀ : ਹਰਸਿਮਰਤ ਬਾਦਲ

Thursday, Dec 19, 2024 - 05:23 PM (IST)

ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਸਦ 'ਚ ਸੰਵਿਧਾਨ ’ਤੇ ਬਹਿਸ ਦੌਰਾਨ ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਡਕਰ ਦਾ ਨਾਂ ਗਲਤ ਢੰਗ ਨਾਲ ਲੈਣ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੇਕਰ ਆਪਣੀ ਗਲਤੀ ਮੰਨ ਲਵੇ ਤਾਂ ਇਸ ਨਾਲ ਉਸਦਾ ਕੱਦ ਹੋਰ ਉੱਚਾ ਹੀ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਦੇਖਿਆ ਹੈ ਕਿ ਕਿਵੇਂ ਸੰਵਿਧਾਨ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦਾ ਨਾਂ ਸੰਸਦ ਵਿਚ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਕਰ ਕੇ ਲਿਆ ਗਿਆ। ਇਸ ਨਾਲ ਕਰੋੜਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਦੇ ਦਾਅਵੇ ਦੇ ਉਲਟ ਗ੍ਰਹਿ ਮੰਤਰੀ ਦੇ ਬਿਆਨ ਨਾਲ ਸਮਾਜ ਦੇ ਦੱਬੇ-ਕੁਚਲੇ ਲੋਕ ਜੋ ਡਾ. ਬੀ. ਆਰ. ਅੰਬੇਡਕਰ ਨੂੰ ਆਪਣੇ ਮੁਕਤੀ ਦਾਤਾ ਵਜੋਂ ਵੇਖਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਉਹ ਬਾਬਾ ਸਾਹਿਬ ਨੂੰ ਅਜਿਹੀ ਸ਼ਖਸੀਅਤ ਮੰਨਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਦਿੱਤੇ, ਜੋ ਕਈ ਸਦੀਆਂ ਤੋਂ ਉਨ੍ਹਾਂ ਨੂੰ ਨਹੀਂ ਮਿਲੇ ਸਨ। ਬੀਬਾ ਬਾਦਲ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਨੂੰ ਸਤਿਕਾਰ ਵਜੋਂ ਬਾਬਾ ਸਾਹਿਬ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ ਕਹਿਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੁੱਦਾ ਇਹ ਹੈ ਕਿ ਦੇਸ਼ ਵਿਚ ਸਰਵਉੱਚ ਅਹੁਦਿਆਂ ’ਤੇ ਬੈਠਣ ਵਾਲੇ ਲੋਕ ਬਾਬਾ ਸਾਹਿਬ ਨੂੰ ਕਿਵੇਂ ਵੇਖਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਭਾਵ ਨਹੀਂ ਜਾਣਾ ਚਾਹੀਦਾ ਕਿ ਉੱਚ ਅਹੁਦਿਆਂ ’ਤੇ ਬੈਠੇ ਲੋਕਾਂ ਦੇ ਮਨਾਂ ਵਿਚ ਬਾਬਾ ਸਾਹਿਬ ਲਈ ਕੋਈ ਸਨਮਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੰਡਾ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
 


Babita

Content Editor

Related News