ਗੁਰੂ ਨਾਨਕ ਥਰਮਲ ਪਲਾਂਟ ਤੋੜਨ ਦੇ ਮੁੱਦੇ 'ਤੇ ਸੁਣੋ ਬੀਬੀ ਬਾਦਲ ਦਾ ਵੱਡਾ ਬਿਆਨ (ਵੀਡੀਓ)
Thursday, Jul 02, 2020 - 05:53 PM (IST)
ਬਠਿੰਡਾ (ਕੁਨਾਲ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਗੁਰੂ ਨਾਨਕ ਥਰਮਲ ਪਲਾਂਟ ਦੇ ਬਾਹਰ ਇਕ ਕਿਸਾਨ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਮ੍ਰਿਤਕ ਕਿਸਾਨ ਦੇ ਪਰਿਵਾਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੀ ਹੈ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੇਕਰ ਸੰਘਰਸ਼ ਵੀ ਕਰਨਾ ਪਿਆ ਤਾਂ ਪਾਰਟੀ ਪਿੱਛੇ ਨਹੀਂ ਹਟੇਗੀ। ਗੁਰੂ ਨਾਨਕ ਥਰਮਲ ਪਲਾਂਟ ਨੂੰ ਤੋੜਨ ਦੇ ਮੁੱਦੇ 'ਤੇ ਵੱਡਾ ਬਿਆਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਨੂੰ ਨਹੀਂ ਤੋੜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਥਰਮਲ ਪਲਾਂਟ ਨੂੰ ਢਾਹੁਣ ਦੀ ਕੋਈ ਕੋਸ਼ਿਸ਼ ਵੀ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਸੰਘਰਸ਼ ਕਰੇਗਾ ਅਤੇ ਥਰਮਲ ਪਲਾਂਟ ਨੂੰ ਕਦੇ ਵੀ ਤੋੜਨ ਨਹੀਂ ਦਿੱਤਾ ਜਾਵੇਗਾ।
ਇਥੇ ਦੱਸ ਦੇਈਏ ਕਿਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਅਕਾਲੀ ਵਰਕਰਾਂ ਨਾਲ ਇਕੱਤਰਤਾ ਕਰਨ ਲਈ ਅੱਜ ਬਠਿੰਡਾ ਪਹੁੰਚੇ ਸਨ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਖਜ਼ਾਨਾ ਮੰਤਰੀ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਹਾਸਲ ਕੀਤੀਆਂ ਹਨ ਅਤੇ ਇਕ ਵੀ ਵਾਅਦਾ ਉਨ੍ਹਾਂ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਥੋਂ ਦੇ ਮੰਤਰੀ ਨੇ ਕਿਹਾ ਕਿ ਸੀ ਕਿ 60 ਮਹੀਨਿਆਂ 'ਚ ਉਹ 60 ਇੰਡਸਟਰੀਆਂ ਪੰਜਾਬ 'ਚ ਲੈ ਕੇ ਆਉਣਗੇ। ਬਠਿੰਡਾ 'ਚ ਫੈਕਟਰੀਆਂ ਲਿਆਉਣ ਦੀ ਗੱਲ ਕੀਤੀ ਗਈ ਸੀ ਪਰ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਬਠਿੰਡਾ ਤਾਂ ਛੱਡੋ, ਪੂਰੇ ਪੰਜਾਬ 'ਚ ਵੀ ਕੋਈ ਇੰਡਸਟਰੀ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਸਭ ਇਕ ਲੁੱਟਣ ਦਾ ਹੀ ਤਰੀਕਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਸ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਮਾਮਲੇ ਦਰਜ ਕਰਵਾ ਰਹੀ ਹੈ। ਅਕਾਲੀ ਦਲ ਸੰਘਰਸ਼ ਕਰਨ ਵਾਲੀ ਪਾਰਟੀ ਹੈ, ਜਿਸ ਦਾ ਜਵਾਬ ਕਾਂਗਰਸ ਨੂੰ 2022 ਦੇ ਵਿਧਾਨ ਸਭਾ ਚੋਣਾਂ 'ਚ ਮਿਲੇਗਾ।
ਕੇਂਦਰ ਵੱਲੋਂ ਲਿਆਂਦੇ ਜਾ ਆਰਡੀਨੈਂਸ 'ਤੇ ਜਿੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸਫਾਈ ਦਿੱਤੀ ਗਈ, ਉਥੇ ਹੀ ਉਨ੍ਹਾਂ ਵਿਰੋਧੀਆਂ 'ਤੇ ਹਮਲਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੀ ਹੈ। ਫਸਲਿਆਂ ਦਾ ਐੱਮ. ਐੱਸ. ਪੀ. ਖਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ 'ਚ ਟੈਕਸ ਸਭ ਤੋਂ ਜ਼ਿਆਦਾ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਬੋਲਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਕੇਂਦਰ ਸਰਕਾਰ 'ਤੇ ਸਵਾਲ ਖੜ੍ਹੇ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 10 ਰੁਪਏ ਪੰਜਾਬ ਸਰਕਾਰ ਤੇਲਦੀਆਂ ਕੀਮਤਾਂ 'ਚ ਘੱਟ ਕਰੇ ਅਤੇ 10 ਰੁਪਏ ਕੇਂਦਰ ਸਰਕਾਰ ਵੀ ਘੱਟ ਕਰੇਗੀ।