BMW ਦੇ ਮਾਮਲੇ 'ਚ ਵਿਰੋਧੀਆਂ ਦੇ ਨਿਸ਼ਾਨੇ 'ਤੇ CM ਮਾਨ, ਹਰਸਿਮਰਤ ਬਾਦਲ ਨੇ ਕਿਹਾ-ਪੰਜਾਬੀਆਂ ਤੋਂ ਮੰਗੋ ਮੁਆਫ਼ੀ
Thursday, Sep 15, 2022 - 04:37 PM (IST)
ਚੰਡੀਗੜ੍ਹ/ਬਠਿੰਡਾ : ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵੇ ਨੂੰ ਨਕਾਰਦਿਆਂ BMW ਵੱਲੋਂ ਕਿਹਾ ਗਿਆ ਸੀ ਕਿ ਸਾਡੀ ਪੰਜਾਬ 'ਚ ਉਦਯੋਗ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ। ਇਸ 'ਤੇ ਮੁੱਖ ਮੰਤਰੀ ਮਾਨ ਦੀ ਨਿਖੇਧੀ ਕਰਦਿਆਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ। ਹਰਸਿਮਰਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬ 'ਚ BMW ਪਲਾਂਟ ਆਉਣ ਦੇ ਮੁੱਦੇ 'ਤੇ ਝੂਠ ਬੋਲ ਕੇ ਇੰਨੀ ਵੱਡੀ ਸ਼ਰਮਿੰਦਗੀ ਪੈਦਾ ਕਰਨ ਲਈ ਪੰਜਾਬ ਅਤੇ ਪੰਜਾਬੀਆਂ ਦੋਵਾਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। BMW ਵੱਲੋਂ ਪਲਾਂਟ ਲਗਾਉਣ ਸੰਬੰਧੀ ਕੰਪਨੀ ਦੀ ਕੋਰੀ ਨਾਂਹ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਵਿਸ਼ਵਵਿਆਪੀ ਮਜ਼ਾਕ ਦਾ ਕੇਂਦਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਾਂਹ ਵੀ ਉਸ ਵੇਲੇ ਹੋਈ ਹੈ ਜਦੋਂ ਮੁੱਖ ਮੰਤਰੀ ਮਾਨ ਵਿਦੇਸ਼ੀ ਯਾਤਰਾ 'ਤੇ ਹੀ ਹਨ। ਮਾਨ 'ਤੇ ਵਿਅੰਗ ਕਰਦਿਆਂ ਕਿਹਾ ਕਿ ਇੰਝ ਲੱਗਦਾ ਹੈ ਕਿ ਮੁੱਖ ਮੰਤਰੀ ਪੰਜਾਬ ਸਿਰਫ਼ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਦਿਮਾਗੀ ਤੌਰ 'ਤੇ ਵੀ ਛੁੱਟੀ 'ਤੇ ਹੀ ਹਨ।
ਇਹ ਵੀ ਪੜ੍ਹੋ- ਅਮਰਗੜ੍ਹ ਵਿਖੇ 3 ਮਹੀਨਿਆਂ ਦੇ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ
ਜ਼ਿਕਰਯੋਗ ਹੈ ਕਿ ਜਰਮਨੀ ਦੌਰੇ 'ਤੇ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਕੇ ਦਾਅਵਾ ਕੀਤਾ ਸੀ ਕਿ ਵਿਸ਼ਵ ਪ੍ਰਸਿੱਧ ਕਾਰ ਕੰਪਨੀ BMW ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਹੈ। ਕੰਪਨੀ ਨੇ ਪੰਜਾਬ 'ਚ ਵੱਡੇ ਪੱਧਰ 'ਤੇ ਕਾਰਾਂ ਦੇ ਪਾਰਟਸ ਬਣਾਉਣ ਵਾਲੇ ਯੂਨਿਟ ਲਾਉਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਮਾਨ ਦੇ ਇਸ ਦਾਅਵੇ 'ਤੇ BMW ਨੇ ਕੱਲ੍ਹ ਆਪਣਾ ਬਿਆਨ ਦੇ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਮਾਨ ਵੱਲੋਂ ਦਾਅਵਾ ਕੀਤਾ ਗਿਆ ਹੈ, ਉਸ ਤਰ੍ਹਾਂ ਦੀ ਕੰਪਨੀ ਵੱਲੋਂ ਕੋਈ ਸਲਾਹ ਨਹੀਂ ਹੈ। ਕੰਪਨੀ ਵੱਲੋਂ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਕੋਈ ਵੀ ਉਦਯੋਗ ਸਥਾਪਤ ਕਰਨ ਦੀ ਯੋਜਨਾ ਨਹੀਂ ਬਣਾਈ ਜਾ ਰਹੀ। ਇਸ ਬਿਆਨ ਤੋਂ ਬਾਅਦ ਸਿਆਸਤ ਮੁੜ ਤੋਂ ਭਖ ਗਈ ਹੈ ਅਤੇ ਵਿਰੋਧੀ ਧਿਰਾਂ 'ਆਪ' ਸਰਕਾਰ ਨੂੰ ਘੇਰੇ 'ਚ ਲੈਂਦੀਆਂ ਨਜ਼ਰ ਆ ਰਹੀਆਂ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।