ਬੁਢਲਾਡਾ ’ਚ ਹਰਸਿਮਰਤ ਦਾ ਵਿਰੋਧ, ਅੰਦੋਲਨ ’ਚ ਜਾਨ ਗਵਾਉਣ ਵਾਲੇ ਦੇ ਪਰਿਵਾਰ ਨੇ ਮਿਲਣ ਤੋਂ ਕੀਤਾ ਇਨਕਾਰ

01/03/2021 9:38:27 PM

ਬੁਢਲਾਡਾ (ਬਾਂਸਲ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਵਿੱਢੇ ਗਏ ਸੰਘਰਸ਼ ਦੌਰਾਨ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਅਤੇ ਰੱਖੇ ਪ੍ਰੋਗਰਾਮਾਂ ਵਿਚੋਂ ਚਾਰ ਪਿੰਡਾਂ ਵਿਚ ਪਹੁੰਚ ਨਾ ਸਕੇ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਦੌਰੇ ਦੌਰਾਨ ਜਿੱਥੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਨ੍ਹਾਂ ਦੇ ਕਾਫਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਡੀ. ਐੱਸ. ਪੀ. ਬਲਜਿੰਦਰ ਸਿੰਘ ਪੰਨੂੰ ਦੀ ਅਗਵਾਈ ਵਿਚ ਪੁਲਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇ ਕਾਫਲੇ ਨੂੰ ਸੁਰੱਖਿਅਤ ਅੱਗੇ ਭੇਜਿਆ ਗਿਆ। ਇਹ ਦੌਰਾ ਉਨ੍ਹਾਂ ਦਾ ਅੱਜ ਹਲਕੇ ਦੇ ਪਿੰਡਾਂ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਮਿ੍ਰਤਕਾ ਦੇ ਪਰਿਵਾਰਕ ਮੈਂਬਰਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਰੱਖਿਆ ਹੋਇਆ ਸੀ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਵੱਡਾ ਬਿਆਨ, ਪੰਜਾਬ ’ਚ ਰਾਸ਼ਟਰਪਤੀ ਰਾਜ ਲਗਾਉਣ ਦਾ ਬਹਾਨਾ ਭਾਲ ਰਹੀ ਭਾਜਪਾ

ਪਿੰਡਾਂ ਅੰਦਰ ਜਿੱਥੇ ਭਾਰੀ ਪੁਲਸ ਫੋਰਸ ਤਾਈਨਾਤ ਕੀਤੀ ਹੋਈ ਸੀ ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਤਹਿ ਕੀਤੇ ਗਏ ਸੱਤ ਪਿੰਡਾਂ ਦੇ ਪ੍ਰੋਗਰਾਮਾਂ ਵਿਚੋਂ ਸਿਰਫ ਤਿੰਨ ਪਿੰਡਾਂ ਤੱਕ ਹੀ ਉਹ ਜਾ ਸਕੇ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਗੁੱੜਦੀ, ਬੱਛੂਆਣਾ, ਧਰਮਪੁਰਾ, ਬਰ੍ਹੇ, ਦੋਦੜਾ, ਬੋਹਾ ਅਤੇ ਭਾਦੜਾ ਵਿਖੇ ਜਾਣਾ ਸੀ ਪਰ ਪਿੰਡ ਦੋਦੜਾ ਅਤੇ ਭਾਦੜਾ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ, ਡਕੋਦਾ ਅਤੇ ਕਾਦੀਆਂ ਗਰੁੱਪ ਸਮੇਤ ਸਥਾਨਕ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਕਾਰਨ ਬੀਬੀ ਬਾਦਲ ਪਿੰਡ ਭਾਦੜਾ, ਦੋਦੜਾ ਅਤੇ ਬੋਹਾ ਵਿਖੇ ਹੀ ਪਹੁੰਚ ਸਕੇ। ਇਸ ਦੌਰਾਨ ਪਿੰਡ ਧਰਮਪੁਰਾ ਦੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਪਿਆਰਾ ਸਿੰਘ ਦੇ ਪਰਿਵਾਰ ਵੱਲੋਂ ਵੀ ਸੁਨੇਹਾ ਭੇਜ ਕੇ ਬੀਬਾ ਬਾਦਲ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸਦੀ ਪੁਸ਼ਟੀ ਪਰਿਵਾਰ ਦੇ ਨਜ਼ਦੀਕੀ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਆਗੂ ਵਸਾਵਾ ਸਿੰਘ ਨੇ ਕੀਤੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੋਰ ਝਟਕਾ, ਹੁਣ ਇਸ ਵੱਡੇ ਆਗੂ ਨੇ ਛੱਡੀ ਪਾਰਟੀ

ਕੀ ਕਹਿਣਾ ਹੈ ਹਰਸਿਮਰਤ ਕੌਰ ਬਾਦਲ ਦਾ
ਦੂਜੇ ਪਾਸੇ ਦੌਰੇ ਦੋਰਾਨ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਅੱਜ ਦਾ ਵਿਰੋਧ ਸਿਆਸੀ ਵਿਰੋਧੀ ਪਾਰਟੀਆਂ ਦੀ ਇਕ ਚਾਲ ਹੈ। ਉਨ੍ਹਾਂ ਭੰਡੀ ਪ੍ਰਚਾਰ ਕਰਨ ਵਾਲੀ ਭਾਜਪਾ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖੇਤੀ ਕਾਨੂੰਨ ਸੰਬੰਧੀ ਸ਼ਮੂਲੀਅਤ ਸਪੱਸ਼ਟ ਕਰਨ ਜਦਕਿ ਦੂਸਰੇ ਪਾਸੇ ਕਾਨੂੰਨ ਪਾਸ ਕਰਨ ਦੀ ਸਹਿਮਤੀ ਕੈਪਟਨ, ਵਿੱਤ ਮੰਤਰੀ ਅਤੇ ਉਨ੍ਹਾਂ ਦੇ ਸਕੱਤਰ ਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਵੀ ਕਿਸਾਨਾਂ ਦੇ ਨਾਲ ਹੈ। ਮੈਂ ਮੰਤਰੀ ਮੰਡਲ ਛੱਡਿਆ, ਐੱਨ. ਡੀ. ਏ. ਛੱਡੀ, ਭਾਜਪਾ ਗੱਠਜੋੜ ਛੱਡਿਆ। ਅੱਜ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੇਂਦਰ ਸਰਕਾਰ ਖ਼ਿਲਾਫ਼ ਲੜ ਰਹੀ ਹਾਂ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ’ਤੇ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਪੰਜਾਬ ਪੁਲਸ ਨੂੰ ਵੀ ਦਿੱਤੀ ਨਸੀਹਤ

ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੇ ਹੱਕ ਵਿਚ ਮੇਰੇ ਕਿਸੇ ਵੀ ਦਸਤਾਵੇਜ਼ ’ਤੇ ਦਸਤਖ਼ਤ ਨਹੀਂ ਹਨ। ਕਾਨੂੰਨ ਬਣਾਉਣ ਸਮੇਂ ਮੈਂ ਵਿਰੋਧ ਕੀਤਾ ਪਰ ਮੇਰੀ ਇੱਕ ਨਾ ਸੁਣੀ। ਜਿਸ ਕਰਕੇ ਮੈ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਆਲ ਇੰਡੀਆਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਇਕ ਸਾਜ਼ਿਸ ਤਹਿਤ ਬੀਬਾ ਬਾਦਲ ਦੇ ਪ੍ਰੋਗਰਾਮ ਦਾ ਵਿਰੋਧ ਉਲੀਕਿਆ ਗਿਆ ਹੈ ਜਿਸ ਦੀ ਜ਼ਿੰਮੇਵਾਰ ਸਰਕਾਰ ਹੈ ਅਤੇ ਇਹ ਵਿਰੋਧ ਦੀ ਆੜ ਵਿਚ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰਨਾ ਚਾਹੁੰਦੇ ਹਨ। 

ਇਹ ਵੀ ਪੜ੍ਹੋ : ਕੁੜੀ ਦੇ ਪਿਆਰ ’ਚ ਅੰਨ੍ਹੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਪਿਛੋਂ ਰੋ-ਰੋ ਬੇਹਾਲ ਹੋਇਆ ਪਰਿਵਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News