ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਨੂੰ ਕਿਸਾਨ ਸੰਪਦਾ ਸਕੀਮ ਦਾ ਲਾਹਾ ਲੈਣ ਦਾ ਦਿੱਤਾ ਗਿਆ ਸੱਦਾ
Tuesday, Sep 12, 2017 - 02:24 PM (IST)
ਲੁਧਿਆਣਾ— ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਮੰਗਲਵਾਰ ਨੂੰ ਲੁਧਿਆਣਾ ਵਿਚ ਜਨਤਕ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦਾ ਏਜੰਡਾ ਲੋਕਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਤੋਂ ਜਾਣੂੰ ਕਰਵਾਉਣਾ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੁਆਰਾ ਨਵੀਂ ਦਿੱਲੀ ਵਿਖੇ 3 ਤੋਂ 5 ਨਵੰਬਰ ਤਕ ਆਯੋਜਿਤ ਕੀਤੇ ਜਾ ਰਹੇ ਵਰਲਡ ਫੂਡ ਇੰਡੀਆ 2017 ਮੇਲੇ ਵਿਚ ਭਾਗ ਲੈਣ ਲਈ ਕਿਸਾਨਾਂ, ਕਾਰੋਬਾਰੀਆਂ ਅਤੇ ਆਮ ਲੋਕਾਂ ਨੁੰ ਪ੍ਰੇਰਿਤ ਕਰਨਾ ਸੀ।
ਇਸ ਮੌਕੇ 'ਤੇ ਬੋਲਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2020 ਤੱਕ ਫੂਡ ਸੈਕਟਰ ਤਿੰਨ ਗੁਣਾ ਵਿਸਥਾਰ ਕਰ ਜਾਵੇਗਾ। ਵਰਲਡ ਫੂਡ ਇੰਡੀਆ 2017 ਵਰਗੇ ਪਲੇਟਫਾਰਮ ਦੇ ਜ਼ਰੀਏ ਸਾਰੇ ਕੌਮਾਂਤਰੀ ਬਾਜ਼ਾਰ ਭਾਰਤ ਦੇ 'ਮੇਕ ਇਨ ਇੰਡੀਆ' ਵੱਲ ਨਜ਼ਰਾਂ ਗੱਡੀ ਬੈਠੇ ਹਨ ਕਿ ਜਿਸ ਨਾਲ ਨਾ ਸਿਰਫ ਘਰੇਲੂ ਲੋੜਾਂ ਪੂਰੀਆਂ ਹੋਣਗੀਆਂ, ਸਗੋਂ ਉਨ੍ਹਾਂ ਮੁਲਕਾਂ ਨੂੰ ਨਿਰਯਾਤ ਲਈ ਮਾਲ ਵੀ ਉਪਲੱਬਧ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਵਰਲਡ ਫੂਡ ਇੰਡੀਆ 2017 ਵਿਖੇ ਕਿਸਾਨਾਂ ਨੂੰ ਭਾਰਤੀ ਖੇਤੀਬਾੜੀ ਦੀ ਮਜ਼ਬੂਤੀ ਦਾ ਪ੍ਰਦਰਸ਼ਨ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਬੀਬੀ ਬਾਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਝਭਰੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਠੋਸ ਕਦਮ ਚੁੱਕ ਰਹੀ ਹੈ। ਇਸ ਦਿਸ਼ਾ ਵਿਚ ਸਰਕਾਰ ਵੱਲੋਂ ਬਹੁਤ ਸਾਰੇ ਕਦਮ ਚੁੱਕੇ ਗਏ ਹਨ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਨੂੰ ਕੁਦਰਤੀ ਆਫਤਾਂ ਤੋਂ ਹੋਣ ਵਾਲੀ ਤਬਾਹੀ ਤੋਂ ਬਚਾਉਣ ਲਈ ਸ਼ੁਰੂ ਕੀਤੀ ਗਈ ਹੈ। ਸੋਆਇਲ ਹੈਲਥ ਕਾਰਡ ਅਤੇ ਨੀਮ ਕੋਟਡ ਯੂਰੀਆ ਆਦਿ ਸਕੀਮਾਂ ਦਾ ਉਦੇਸ਼ ਧਰਤੀ ਦੀ ਉਪਜਾਊ ਸ਼ਕਤੀ ਵਧਾ ਕੇ ਫਸਲਾਂ ਦੇ ਉਤਪਾਦਨ ਵਿਚ ਵਾਧਾ ਕਰਨਾ ਹੈ। ਇਸ ਤਰ੍ਹਾਂ ਈ-ਨਾਮ ਵਰਗੀਆਂ ਸਕੀਮਾਂ ਵਿਚੋਲੀਏ ਨੂੰ ਖਤਮ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਸਿੱਧੀ ਗ੍ਰਾਹਕਾਂ ਕੋਲ ਵੇਚਣ ਦਾ ਮੌਕਾ ਪ੍ਰਦਾਨ ਕਰਨਗੀਆਂ।
ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿਚ ਭਾਰਤ ਅੰਦਰ ਬਹੁਤ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ, ਜਿਸ ਕਰਕੇ ਇਹ ਭਾਰੀ ਨਿਵੇਸ਼ ਅਤੇ ਰੁਜ਼ਗਾਰ ਅਵਸਰਾਂ ਦੀ ਪੇਸ਼ਕਸ਼ ਕਰਦਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿਚ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਇਕ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਤਹਿਤ ਵੱਖ-ਵੱਖ ਪ੍ਰਾਜੈਕਟਾਂ ਨੂੰ ਲਾਗੂ ਕੀਤੇ ਜਾਣ ਨਾਲ 5 ਲੱਖ ਤੋਂ ਵਧੇਰੇ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਇਨ੍ਹਾਂਪ੍ਰਾਜੈਕਟਾਂ ਨਾਲ 10 ਲੱਖ ਤੋਂ ਵਧੇਰੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ 42 ਮੈਗਾ ਫੂਡ ਪਾਰਕਾਂ ਦੀ ਸਥਾਪਨਾ ਹੋਣ ਨਾਲ ਹੀ ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਅਤੇ 10 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਮੇਰਾ ਸੁਪਨਾ ਹੈ ਕਿ ਤਰੱਕੀ ਕਰਨ ਵਾਸਤੇ ਹਰ ਕਿਸਾਨ ਕਿਸੇ ਸੈਲਫ ਹੈਲਪ ਗਰੁੱਪ/ਫਾਰਮਰ ਪ੍ਰੋਡਿਊਸ ਆਰਗੇਨਾਈਜੇਸ਼ਨ(ਐਫਪੀਓਜ਼) ਨਾਲ ਜੁੜ ਜਾਵੇ। ਹੁਣ ਸਮਾਂ ਆ ਗਿਆ ਹੈ ਕਿ ਸਾਰੇ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਫੂਡ ਪ੍ਰੋਸੈਸਰ ਬਣ ਜਾਣ ਅਤੇ ਆਪਣੀਆਂ ਫਸਲਾਂ ਦੀ ਕੀਮਤ ਵਧਾਉਣ।
ਬੀਬਾ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਤਿੰਨ ਸਕੀਮਾਂ- (1) ਫੂਡ ਪ੍ਰੋਸੈਸਿੰਗ/ਸੰਭਾਲ ਸਹੂਲਤਾਂ ਲਗਾਉਣ/ਵਾਧੇ ਲਈ ਸਕੀਮ, ਜਿਹੜੀ ਯੂਨਿਟ ਸਕੀਮ ਵਜੋਂ ਵੀ ਜਾਣੀ ਜਾਂਦੀ ਹੈ,(2) ਐਗਰੋ ਪ੍ਰੋਸੈਸਿੰਗ ਕਲੱਸਟਰਜ਼ ਦਾ ਬੁਨਿਆਦੀ ਢਾਂਚਾ ਲਗਾਉਣ ਵਾਲੀ ਸਕੀਮ, ਜਿਹੜੀ ਕਲੱਸਟਰ ਸਕੀਮ ਵਜੋਂ ਵੀ ਜਾਣੀ ਜਾਂਦੀ ਹੈ ਅਤੇ (3) ਪਿਛਾੜੀ ਅਤੇ ਅਗਾੜੀ ਕੜੀਆਂ (ਬੈਕਵਾਰਡ ਅਤੇ ਫਾਰਵਰਡ ਲਿੰਕੇਜਜ਼) ਲਈ ਸਕੀਮ ਵਾਸਤੇ ਰੁਚੀ ਦਾ ਪ੍ਰਗਟਾਵਾ (ਐਕਪ੍ਰੈਸ਼ਨ ਆਫ ਇੰਟਰੈਸਟ) ਜਾਰੀ ਕੀਤਾ ਹੈ। ਯੂਨਿਟ ਅਤੇ ਕਲੱਸਟਰੀ ਸਕੀਮ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਸਤੰਬਰ 2017 ਹੈ ਜਦਕਿ ਬੈਕਵਾਰਡ ਅਤੇ ਫਾਰਵਰਡ ਲਿੰਕੇਜਜ਼ ਲਈ ਆਖਰੀ ਤਾਰੀਕ 10 ਅਕਤੂਬਰ 2017 ਹੈ।
ਬੀਬੀ ਬਾਦਲ ਨੇ ਮੰਤਰਾਲੇ ਦੁਆਰਾ ਸ਼ੁਰੂ ਕੀਤੀਆਂ ਇਨ੍ਹਾਂ ਤਿੰਨੇ ਸਕੀਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਲਈ ਆਖਿਆ ਅਤੇ ਉਨ੍ਹਾਂ ਨੂੰ ਵਰਲਡ ਫੂਡ ਇੰਡੀਆ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ, ਜਿਸ ਨਾਲ ਭਾਰਤੀ ਫੂਡ ਪ੍ਰੋਸੈਸਿੰਗ ਸੈਕਟਰ ਦਾ ਮੁਹਾਂਦਰਾ ਬਦਲ ਜਾਵੇ।
