ਕੈਪਟਨ ਦੇ ਵਾਅਦਿਆਂ ਦਾ ਹੋਇਆ ਪਰਦਾਫਾਸ਼: ਹਰਸਿਮਰਤ ਕੌਰ ਬਾਦਲ

02/28/2019 7:23:07 PM

ਬਠਿੰਡਾ (ਅਮਿਤ ਸ਼ਰਮਾ) — ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਬਠਿੰਡਾ 'ਚ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਐੱਸ. ਓ. ਆਈ. (ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ) ਦੀ ਵੱਡੀ ਰੈਲੀ ਨੂੰ ਸੰਬੋਧਨ ਕਰਨ ਲਈ ਬਠਿੰਡਾ ਪਹੁੰਚੀ। ਇਸ ਮੌਕੇ ਸੰਬੋਧਨ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਹਮਲਾ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਜੋ ਲੋਕਾਂ ਤੋਂ ਵੋਟਾਂ ਬਟੋਰੀਆਂ ਹਨ, ਉਸ ਦਾ ਜਵਾਬ ਇਹ ਨੌਜਵਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸਮਾਰੋਟ ਫੋਨ ਦੇਣ ਅਤੇ ਨੌਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ, ਉਸ ਦਾ ਪਰਦਾਫਾਸ਼ ਹੋ ਗਿਆ ਹੈ। ਹੁਣ 2019 ਦੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਕਾਂਗਰਸ ਨੂੰ ਧੂੜ ਚਟਾ ਦੇਵੇਗੀ।

PunjabKesari

ਉਸ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ-ਭਾਜਪਾ ਦੀ ਰਿਕਾਰਡ ਤੋੜ ਜਿੱਤ ਹੋਵੇਗੀ, ਜਿਸ ਦਾ ਸਿਹਰਾ ਇਨ੍ਹਾਂ ਨੌਜਵਾਨਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰੀ ਇਕੱਠ ਨੂੰ ਦੇਖ ਕੇ ਲੱਗਦਾ ਹੈ ਕਿ ਸਾਰੇ ਪੰਜਾਬ ਦੇ ਨੌਜਵਾਨ ਇਸ ਜਲਸੇ 'ਚ ਆ ਗਏ ਹਨ। ਇਸ ਮੌਕੇ ਨੌਜਵਾਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਨਾਲ ਸੈਲਫੀਆਂ ਵੀ ਖਿੱਚਵਾਈਆਂ, ਜਿਸ ਕਰਕੇ ਰੈਲੀ ਖਤਮ ਹੋਣ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਸਟੇਜ ਤੋਂ ਗੇਟ ਤੱਕ ਜਾਣ ਲਈ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ।


shivani attri

Content Editor

Related News