ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਪਾਰਟੀ ਦੇ ਲੀਡਰਾਂ ਨੇ ਰੱਜ ਕੇ ਕੀਤਾ ਭ੍ਰਿਸ਼ਟਾਚਾਰ : ਹਰਸਿਮਰਤ

Wednesday, Jul 07, 2021 - 12:50 PM (IST)

ਮਾਨਸਾ (ਸੰਦੀਪ ਮਿੱਤਲ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸੀ ਆਪਸ ਵਿਚ ਗੁੱਥਮ ਗੁੱਥਾ ਹੋ ਗਏ ਤੇ ਲੋਕਾਂ ਵੱਲੋਂ ਕਹੀਆਂ ਗੱਲਾਂ ਆਪ ਸੱਚੀਆਂ ਸਾਬਤ ਹੋ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਚ ਇਸ ਵੇਲੇ ਕੁਰਸੀ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ, ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਦੇ ਗੇੜੇ ਮਾਰ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਵਿਰੋਧੀ ਵੀ ਕੁਰਸੀ ਦੇ ਲਾਲਚ ’ਚ ਉਨ੍ਹਾਂ ’ਤੇ ਹੱਲਾ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਾਂਗਰਸ ਰਾਜ ਵਿਚ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਸਮੇਤ ਪਾਰਟੀ ਦੇ ਲੀਡਰਾਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਤੇ ਨਾਜਾਇਜ਼ ਮਾਇਨਿੰਗ, ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਸਮੇਤ ਹਰ ਉਹ ਨਾਜਾਇਜ਼ ਕੰਮ ਕੀਤਾ, ਜਿੱਥੋਂ ਪੈਸਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਂ ਰੇਤੇ ਦੇ ਚੱਕ ਵਿਚ ਸਾਈਟਾਂ 300 ਫੁੱਟ ਤਕ ਪੁੱਟ ਸੁੱਟੀਆਂ ਹਨ।

ਇਹ ਵੀ ਪੜ੍ਹੋ:  ਮੋਗਾ: ਜੋੜੇ ਨੇ ਇਕ-ਦੂਜੇ ਨੂੰ ਪੁੱਛਿਆ- ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ? ਫਿਰ ਦੋਵਾਂ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ

ਬਾਦਲ ਨੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਨੂੰ ਵੇਖਦਿਆਂ ਸਾਵਧਾਨੀ ਵਜੋਂ ਸਿਵਲ ਹਸਪਤਾਲ ਮਾਨਸਾ ਵਿਖੇ ਸਿਹਤ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਉਪਰੰਤ ਮੌਕੇ ’ਤੇ ਹੀ ਜ਼ਰੂਰੀ ਮੈਡੀਕਲ ਉਪਕਰਨਾਂ ਵਾਸਤੇ 43 ਲੱਖ 72 ਹਜ਼ਾਰ ਤੋਂ ਵੱਧ ਦੀ ਗ੍ਰਾਂਟ ਮਨਜ਼ੂਰ ਕਰਨ ਮਗਰੋਂ, ਕਿਹਾ ਕਿ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ’ਚ ਪੰਜਾਬੀਆਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਤੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਆਪੋ ਆਪਣੇ ਫਾਰਮ ਹਾਊਸਾਂ ’ਤੇ ਘਰਾਂ ਵਿਚ ਕੈਦ ਹੋ ਗਏ ਤੇ ਲੋਕਾਂ ਦੀ ਸਾਰ ਤਕ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਸੰਸਥਾਵਾਂ ਨੇ ਲੋਕਾਂ ਦੀ ਵੱਧ ਚੜ੍ਹ ਕੇ ਸੇਵਾ ਕੀਤੀ ਸੀ।ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਪੈਟਰੋਲ-ਡੀਜ਼ਲ ਦਾ ਰੇਟ 100 ਰੁਪਏ ਕਰ ਦਿੱਤਾ ਹੈ, ਜਦਕਿ ਇੰਨੇ ਰੇਟ ਕਦੇ ਇਤਿਹਾਸ ਵਿਚ ਨਹੀਂ ਵਧੇ। ਇਸ ਮੌਕੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ, ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਜ਼ਿਲਾ ਦਿਹਾਤੀ ਗੁਰਮੇਲ ਸਿੰਘ ਫਫੜੇ ਮੌਜੂਦ ਸਨ।

ਇਹ ਵੀ ਪੜ੍ਹੋ:  ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼


Shyna

Content Editor

Related News