ਹਰਸਿਮਰਤ ਬਾਦਲ ਨੇ ਕਾਂਗਰਸ ਤੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਪੰਜਾਬ ਨਾਲ ਸਦਾ ਕੀਤਾ ਵਿਤਕਰਾ
Tuesday, Dec 14, 2021 - 06:20 PM (IST)
ਮੋਗਾ (ਬਿਊਰੋ)-100 ਸਾਲ ਪੂਰੇ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਕਿੱਲੀ ਚਾਹਲਾਂ ਮੋਗਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਭਾਜਪਾ ’ਤੇ ਜੰਮ ਕੇ ਨਿਸ਼ਾਨਾ ਲਾਏ। ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ’ਚ ਚਾਹੇ ਕਾਂਗਰਸ ਦੀ ਹਕੂਮਤ ਹੋਵੇ ਜਾਂ ਭਾਜਪਾ ਦੀ, ਉਸ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੀ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਹਕੂਮਤਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਹੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨੂੰ 100 ਸਾਲ ਹੋ ਗਏ ਹਨ ਤੇ ਇਹ ਸਮਾਂ ਘੱਟ ਨਹੀਂ ਹੁੰਦਾ।
ਇਹ ਵੀ ਪੜ੍ਹੋ : ਵਿਦੇਸ਼ੀ ਫੰਡਿੰਗ ਨੂੰ ਲੈ ਕੇ ਡੱਲੇਵਾਲ ਦਾ ਕਿਸਾਨ ਜਥੇਬੰਦੀਆਂ ’ਤੇ ਦੋਸ਼, ਕਿਹਾ-CM ਬਣਨਾ ਚਾਹੁੰਦੇ ਨੇ ਆਗੂ (ਵੀਡੀਓ)
ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਤੇ ਯੋਧਿਆਂ ਨੇ ਇਸ ਨੂੰ ਜ਼ਿੰਦਾ ਰੱਖਿਆ, 100 ਸਾਲ ਪੂਰੇ ਕਰਨ ਦਾ ਸਿਹਰਾ ਉਨ੍ਹਾਂ ਨੂੰ ਹੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਥੇ ਪਹੁੰਚੇ ਹਰੇਕ ਵਰਕਰ ਤੇ ਬਜ਼ੁਰਗ ਨੂੰ ਮੈਂ ਨਮਨ ਕਰਦੀ ਹਾਂ। ਮੈਂ ਉਨ੍ਹਾਂ ਬਜ਼ੁਰਗਾਂ ਨੂੰ ਵੀ ਨਮਨ ਕਰਦੀ ਹਾਂ, ਜਿਹੜੇ ਆਪਣੀ ਉਮਰ ਕਾਰਨ ਇਥੇ ਨਹੀਂ ਪਹੁੰਚੇ ਸਕੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ੍ਹਾਂ ਕੱਟਣ ਵਾਲੇ ਬਜ਼ੁਰਗਾਂ ਨੂੰ ਵੀ ਮੈਂ ਨਮਨ ਕਰਦੀ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਫ਼ਲਤਾ ਪਿੱਛੇ ਵੀ ਘਰ ਬੈਠੀਆਂ ਬੀਬੀਆਂ ਦੀਆਂ ਅਰਦਾਸਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਅੱਜ ਕਿੱਲੀ ਚਾਹਲਾਂ ਮੋਗਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਮੌਕੇ ਰੈਲੀ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ’ਚ ਵਰਕਰ ਤੇ ਆਗੂ ਸ਼ਾਮਲ ਹੋਏ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ