'ਪ੍ਰੀਖਿਆ ਕੇਂਦਰ 'ਚ ਦਾਖਲੇ ਨੂੰ ਲੈ ਕੇ ਅੰਮ੍ਰਿਤਧਾਰੀ ਬੀਬੀਆਂ ਨਾਲ ਹੋਏ ਸਲੂਕ 'ਤੇ ਕਾਰਵਾਈ ਨਾ ਹੋਣ ਕਾਰਨ ਕੌਮ ਪ੍ਰੇਸ਼ਾਨ

07/01/2024 7:19:23 PM

ਚੰਡੀਗੜ੍ਹ : ਬਠਿੰਡਾ ਦੇ ਐੱਮ.ਪੀ. ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਦੱਸਿਆ ਕਿ ਸਿੱਖ ਕੌਮ ਰਾਜਸਥਾਨ ਸਰਕਾਰ ਵੱਲੋਂ 23 ਜੂਨ ਨੂੰ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਦੇਣ ਗਈਆਂ ਦੋ ਅੰਮ੍ਰਿਤਧਾਰੀ ਸਿੱਖ ਬੀਬੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਤੋਂ ਰੋਕਣ ਵਾਲੇ ਪ੍ਰੀਖਿਆ ਅਮਲੇ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਤੋਂ ਪ੍ਰੇਸ਼ਾਨ ਹੈ। ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਬਠਿੰਡਾ ਦੇ ਐੱਮ.ਪੀ. ਨੇ ਕਿਹਾ ਕਿ ਪ੍ਰੀਖਿਆ ਸਟਾਫ ਦੀ ਕਾਰਵਾਈ ਨੇ ਨਾ ਸਿਰਫ ਪ੍ਰੀਖਿਆ ਦੇਣ ਗਈਆਂ ਦੋਵੇਂ ਅੰਮ੍ਰਿਤਧਾਰੀ ਬੀਬੀਆਂ ਬਲਕਿ ਸਮੁੱਚੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ ਜੋ ਕਿ ਸੰਵਿਧਾਨ ਦੀ ਧਾਰਾ 25 ਦੀ ਉਲੰਘਣਾ ਹੈ। ਇਸ ਮੁਤਾਬਕ ਅੰਮ੍ਰਿਤਧਾਰੀ ਸਿੱਖ ਪੰਜ ਕੱਕਾਰ ਧਾਰਨ ਕਰ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਾਡਾ ਮੌਲਿਕ ਅਧਿਕਾਰ ਹੈ ਜਿਸ ਨੂੰ ਕੋਈ ਨਹੀਂ ਖੋਹ ਸਕਦਾ।

ਐੱਮ.ਪੀ. ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਿੱਖ ਕੌਮ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਸਿੱਖ ਕੌਮ ਦੀਆਂ ਪ੍ਰਤੀਨਿਧ ਜਮਾਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਰਾਜਸਥਾਨ ਸਰਕਾਰ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਕੇਸ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੀਬੀ ਅਰਮਾਨਜੋਤ ਕੌਰ ਤੇ ਬੀਬੀ ਲਖਵਿੰਦਰ ਕੌਰ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਹੋਣ ਤੋਂ ਸਿਰਫ ਇਸ ਕਰ ਕੇ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਕ੍ਰਿਪਾਨ ਸਮੇਤ ਪੰਜ ਸਿੱਖ ਕੱਕਾਰ ਧਾਰਨ ਕੀਤੇ ਹੋਏ ਸਨ। ਉਨ੍ਹਾਂ ‌ਕਿਹਾ ਕਿ ਇਹ ਵੀ ਬਾਅਦ ਵੀ ਸਾਹਮਣੇ ਆਇਆ ਕਿ ਲਖਵਿੰਦਰ ਕੌਰ ਨੂੰ ਪ੍ਰੀਖਿਆ ਵਿਚ ਬੈਠਣ ਲਈ ਆਪਣਾ ’ਕੜਾ’ ਤੇ ’ਕ੍ਰਿਪਾਨ’ ਉਤਾਰਨੀ ਪਈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਸਟਾਫ ਬੱਜਿਦ ਸੀ ਕਿ ਬੀਬੀਆਂ ਵੱਲੋਂ ਕੱਕਾਰ ਉਤਾਰੇ ਜਾਣ ਹਾਲਾਂਕਿ ਦੋਵਾਂ ਬੀਬੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਉਨ੍ਹਾਂ ਦੇ ਧਰਮ ਦਾ ਹਿੱਸਾ ਹਨ ਅਤੇ ਇਹ ਸਾਰੀ ਉਮਰ ਧਾਰਣ ਕਰਨੇ ਹੁੰਦੇ ਹਨ।

ਇਹ ਵੀ ਪੜ੍ਹੋ- ਕੈਨੇਡਾ ਪਹੁੰਚ ਕੇ ਇਕ ਹੋਰ ਨੂੰਹ ਨੇ ਚੜ੍ਹਾਇਆ ਚੰਨ, ਸਹੁਰਿਆਂ ਨਾਲ ਰਿਸ਼ਤਾ ਰੱਖਣ ਤੋਂ ਕੀਤਾ ਸਾਫ਼ ਇਨਕਾਰ

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਇਹ ਵੀ ਦੱਸਿਆ ਕਿ ਕੱਕਾਰ ਪਾਬੰਦੀਸ਼ੁਦਾ ਸੂਚੀ ਵਿਚ ਸ਼ਾਮਲ ਨਾ ਹੋਣ ਦੇ ਬਾਵਜੂਦ ਇਹ ਕਾਰਵਾਈ ਕੀਤੀ ਗਈ। ਪ੍ਰੀਖਿਆ ਸਟਾਫ ਨੇ ਮੰਨ ਲਿਆ ਕਿ ਇਹ ਕੱਕਾਰ ’ਵਾਧੂ ਚੀਜ਼ਾਂ’ ਵਿਚ ਆਉਂਦੇ ਹਨ ਅਤੇ ਉਨ੍ਹਾਂ ਨੇ ਉਸ ਹਿਸਾਬ ਨਾਲ ਹੀ ਕਾਰਵਾਈ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੱਕਾਰ ’ਵਾਧੂ ਚੀਜ਼ਾਂ’ ਦੀ ਸ਼੍ਰੇਣੀ ਵਿਚ ਨਹੀਂ ਆਉਂਦੇ ਬਲਕਿ ਅੰਮ੍ਰਿਤਧਾਰੀ ਸਿੱਖਾਂ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਉਸ ਰਾਜ ਵਿਚ ਵਾਪਰੀ ਹੈ ਜਿਥੇ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ ਅਤੇ ਜਿਥੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਸਮੇਤ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਕੱਕਾਰਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 25 ਦੀ ਉਲੰਘਣਾ ਹੋਈ ਹੈ ਜਿਸ ਤਹਿਤ ਸਿੱਖ ਧਰਮ ਦੇ ਮੈਂਬਰਾਂ ਨੂੰ ਕੱਕਾਰ ਧਾਰਣ ਕਰਨ ਦੀ ਛੋਟ ਹੈ।

ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਵੇਂ ਅੰਮ੍ਰਿਤਧਾਰੀ ਬੀਬੀਆਂ ਨੂੰ ਹੋਈ ਮਾਨਸਿਕ ਪੀੜਾ ਨੂੰ ਸਮਝਣ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੇ ਹੁਕਮ ਦੇਣ ਜਿਹਨਾਂ ਨੇ ਪ੍ਰੀਖਿਆ ਕੇਂਦਰ ਵਿਚ ਇਨ੍ਹਾਂ ਦਾ ਦਾਖਲਾ ਰੋਕਿਆ ਅਤੇ ਗੈਰ ਕਾਨੂੰਨੀ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਕ ਮਹਿਲਾ ਲਖਵਿੰਦਰ ਕੌਰ ਨੇ ਪ੍ਰੀਖਿਆ ਸਟਾਫ ਖਿਲਾਫ ਕੇਸ ਦਰਜ ਕਰਵਾਉਣ ਲਈ ਜੋਧਪੁਰ ਪੁਲਿਸ ਕੋਲ ਪਹੁੰਚ ਕੀਤੀ ਪਰ ਉਸਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਹਾਲਾਤ ਨੂੰ ਤੁਰੰਤ ਦਰੁੱਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਣੇ ਹੀ ਮੁਲਕ ਵਿਚ ਦੂਜੇ ਦਰਜੇ ਦੇ ਮੈਂਬਰਾਂ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਜਦੋਂ ਕਿ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ। ਐੱਮ.ਪੀ. ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਰਾਜਸਥਾਨ ਵਿਚ ਸਾਰੇ ਸਰਕਾਰੀ ਅਧਿਕਾਰੀਆਂ ਤੇ ਅਮਲੇ ਨੂੰ ਸਿੱਖ ਕੱਕਾਰਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਤਰੀਕੇ ਦਾ ਵਿਤਕਰਾ ਸੂਬੇ ਵਿਚ ਸਿੱਖ ਕੌਮ ਦੇ ਕਿਸੇ ਵੀ ਮੈਂਬਰ ਨਾਲ ਨਾ ਹੋਵੇ।

ਇਹ ਵੀ ਪੜ੍ਹੋ- ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ 'ਚ ਮਚਾਈ ਭਾਰੀ ਤਬਾਹੀ, ਪੰਜਾਬ 'ਚ ਵੀ ਜਾਰੀ ਹੋਇਆ ਅਲਰਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News