ਹਰਸਿਮਰਤ ਬਾਦਲ ਦੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਬਣੇ ਆਸਾਰ!
Wednesday, Jan 22, 2020 - 07:00 PM (IST)
ਮਾਨਸਾ (ਜੱਸਲ): ਅਕਾਲੀ-ਭਾਜਪਾ ਗਠਜੋੜ 'ਚ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਈ ਵੱਡੀ ਤਰੇੜ ਕਾਰਣ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦੇ ਹੁਣ ਆਸਾਰ ਬਣ ਗਏ ਹਨ। ਹਾਲ ਦੀ ਘੜੀ 'ਚ ਕੌਮੀ ਨਾਗਰਿਕਤਾ ਕਾਨੂੰਨ ਬਾਰੇ ਆਪਣੇ ਸਟੈਂਡ 'ਤੇ ਅੜੇ ਰਹਿਣ 'ਤੇ ਭਾਜਪਾ ਨੇ ਅਕਾਲੀ ਦਲ ਬਾਦਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ, ਜਿਸ ਕਾਰਣ ਅਕਾਲੀ ਦਲ ਬਾਦਲ ਨੂੰ ਦਿੱਲੀ ਚੋਣਾਂ ਤੋਂ ਬਾਹਰ ਹੋਣਾ ਪਿਆ ਹੈ। ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡੀ ਪ੍ਰੀਖਿਆ ਦੀ ਘੜੀ ਹੈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਤੇ ਪਰਿਵਾਰਵਾਦ, ਬੇਅਦਬੀ ਘਟਨਾਵਾਂ, ਰੇਤ ਮਾਫੀਆ, ਨਸ਼ਾ, ਟਰਾਂਸਪੋਰਟ ਮਾਫੀਆ ਦਾ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਹੁਣ ਭਾਜਪਾ ਦਿੱਲੀ ਵਿਧਾਨ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਦੂਰੀ ਬਣਾ ਕੇ ਇਸ ਦਾ ਸਿਆਸੀ ਫਾਇਦਾ ਉਠਾਉਣਾ ਚਾਹੁੰਦੀ ਹੈ। ਇਸ ਤੋਂ ਸਾਫ ਸਪੱਸ਼ਟ ਹੋ ਗਿਆ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਅੰਦਰ ਭਾਜਪਾ ਆਪਣੇ ਬਲਬੂਤੇ 'ਤੇ ਸਰਕਾਰ ਬਣਾਉਣ ਲਈ ਜੁੱਟ ਗਈ ਹੈ।
ਦੱਸਣਯੋਗ ਹੈ ਕਿ 2008 'ਚ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਹਤ ਨੂੰ ਦੇਖਦਿਆਂ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪਰ ਇਹ ਅੰਦਰਖਾਤੇ ਟਕਸਾਲੀ ਅਕਾਲੀ ਆਗੂਆਂ ਨੂੰ ਮਨਜ਼ੂਰ ਨਹੀਂ ਸੀ। ਇਸ ਉਪਰੰਤ ਉਹ ਉਪ ਮੁੱਖ ਮੰਤਰੀ ਪੰਜਾਬ ਵੀ ਬਣੇ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੀ ਹੀ ਪਾਰਟੀ ਅੰਦਰ ਬਗਾਵਤ ਕਰ ਰਹੇ ਟਕਸਾਲੀ ਆਗੂਆਂ ਦਾ ਵੱਡਾ ਗਲਬਾ, ਭਾਈਵਾਲ ਭਾਜਪਾ ਅਤੇ ਵਿਰੋਧੀ ਧਿਰ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ! ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਗਾਵਤ ਕਰ ਚੁੱਕੇ ਟਕਸਾਲੀ ਆਗੂ ਇਹ ਮੰਗ ਉਠਾ ਰਹੇ ਹਨ ਕਿ ਹੁਣ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ।